ਭਾਰਤ ਸਰਕਾਰ ਨੇ WhatsApp ਦੇ ਮੁਕਾਬਲੇ ਦੇਸੀ ਐਪ ‘Sandes’ ਲਾਂਚ ਕੀਤੀ ਹੈ। ਇਹ ਜਾਣਕਾਰੀ ਇਲੈਕਟ੍ਰੌਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ’ਚ ਇੱਕ ਪ੍ਰਸ਼ਨ ਦੇ ਲਿਖਤੀ ਜੁਆਬ ਰਾਹੀਂ ਦਿੱਤੀ। ਇਸ ਨਵੇਂ ਮੰਚ ਬਾਰੇ ਇਹੋ ਆਖਿਆ ਜਾ ਰਿਹਾ ਹੈ ਕਿ ਇਹ ਫ਼ੇਸਬੁੱਕ ਦੀ ਮਾਲਕੀ ਵਾਲੇ ਵ੍ਹਟਸਐਪ ਦਾ ਮੁਕਾਬਲਾ ਕਰੇਗਾ। ਸਰਕਾਰ ਦੇ ਇਨਫ਼ਾਰਮੇਸ਼ਨ ਟੈਕਲੋਲੋਜੀ ਵਿੰਗ ‘ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ’ ਨੇ Sandes ਨੂੰ ਲਾਂਚ ਕੀਤਾ ਹੈ। ਇਸ ਮੰਚ ਦੀ ਵਰਤੋਂ ਕਿਸੇ ਵੀ ਮੋਬਾਇਲ ਨੰਬਰ ਜਾਂ ਈਮੇਲ ਆਈਡੀ ਦੀ ਮਦਦ ਨਾਲ ਸੰਦੇਸ਼ ਭੇਜਣ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਫ਼ਿਲਹਾਲ ਸਰਕਾਰੀ ਮੁਲਾਜ਼ਮਾਂ ਤੇ ਸਰਕਾਰ ਨਾਲ ਜੁੜੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।
ਤਰੀ ਨੇ ਨੇ ਅੱਗੇ ਦੱਸਿਆ ਕਿ Sandes ਇੱਕ ਓਪਨ ਸੋਰਸ ਆਧਾਰਤ, ਸੁਰੱਖਿਅਤ, ਕਲਾਊਡ ਐਨੇਬਲਡ ਪਲੇਟਫ਼ਾਰਮ ਹੈ, ਜਿਸ ਦੀ ਮੇਜ਼ਬਾਨੀ ਸਰਕਾਰੀ ਬੁਨਿਆਦੀ ਢਾਂਚੇ ਉੱਤੇ ਕੀਤੀ ਜਾ ਰਹੀ ਹੈ, ਤਾਂ ਜੋ ਭਾਰਤ ਸਰਕਾਰ ਕੋਲ ਆਪਣਾ ਰਣਨੀਤਕ ਕੰਟਰੋਲ ਰਹੇ। Sandes ਉੱਤੇ ਤੁਸੀਂ ਇੱਕ-ਇੱਕ ਕਰਕੇ ਨਿਜੀ ਜਾਂ ਗਰੁੱਪ ਮੈਸੇਜਿੰਗ ਕਰ ਸਕਦੇ ਹੋ। ਇਸ ਵਿੱਚ ਫ਼ਾਈਲ ਤੇ ਮੀਡੀਆ ਸ਼ੇਅਰਿੰਗ, ਆਡੀਓ-ਵੀਡੀਓ ਕਾੱਲ ਤੇ ਈ-ਗਵ ਐਪਲੀਕੇਸ਼ਨ ਇੰਟੈਗ੍ਰੇਸ਼ਨ ਆਦਿ ਜਿਹੇ ਫ਼ੀਚਰਜ਼ ਹਨ। ਇਹ ‘ਗੂਗਲ ਪਲੇਅ ਸਟੋਰ’ ਤੇ ‘ਐਪ ਸਟੋਰ’ ਉੱਤੇ ਉਪਲਬਧ ਹੈ।
ਦਰਅਸਲ, ਸਰਕਾਰ ਹੁਣ ਚਾਹੁੰਦੀ ਹੈ ਕਿ ਦੇਸ਼ ਵਿੱਚ ਭਾਰਤ ’ਚ ਬਣੀਆਂ ਐਪਸ ਤੇ ਸੌਫ਼ਟਵੇਅਰ ਹੀ ਵਰਤੇ ਜਾਣ ਅਤੇ Sandes ਉਸੇ ਦਾ ਹਿੱਸਾ ਹੈ। ਨਵੇਂ IT ਨਿਯਮਾਂ ਦੇ ਮਾਮਲੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਦੌਰਾਨ ਵ੍ਹਟਸਐਪ ਅਤੇ ਭਾਰਤ ਸਰਕਾਰ ਵਿਚਾਲੇ ਰੇੜਕਾ ਪਿਆ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ Koo ਲਾਂਚ ਕੀਤੀ ਸੀ, ਜੋ ਟਵਿਟਰ ਮਾਈਕ੍ਰੋਬਲੌਗਿੰਗ ਦਾ ਭਾਰਤੀ ਸੰਸਕਰਣ ਹੈ। Koo ਸਥਾਨਕ ਭਾਸ਼ਾ ਵਿੱਚ ਮਾਈਕ੍ਰੋਬਲੌਗਿੰਗ ਨੂੰ ਉਤਸ਼ਾਹਿਤ ਕਰਦੀ ਹੈ।