ਜਦੋਂ ਵੀ ਉਹ ਭਾਰਤ ‘ਚ ਖੇਡਿਆ ਹੈ ਤਾਂ ਉਸ ਨੂੰ ਅਜਿਹਾ ਮਹਿਸੂਸ ਹੋਇਆ ਹੈ ਜਿਵੇਂ ਉਹ ਆਪਣੇ ਹੀ ਦੇਸ਼ ‘ਚ ਖੇਡ ਰਿਹਾ ਹੋਵੇ : ਅਕਮਲ

ਨਵੀਂ ਦਿੱਲੀ, 01 ਫਰਵਰੀ : ਪਾਕਿਸਤਾਨ ਦੇ ਸੀਨੀਅਰ ਵਿਕਟਕੀਪਰ-ਬੱਲੇਬਾਜ਼ ਉਮਰ ਅਕਮਲ ਪਾਕਿਸਤਾਨ ਕ੍ਰਿਕਟ ਟੀਮ ਤੋਂ ਬਾਹਰ ਹੋਣ ਦੇ ਬਾਵਜੂਦ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਅਕਮਲ ਇੱਕ ਵਾਰ ਫਿਰ ਆਪਣੇ ਨਵੇਂ ਬਿਆਨ ਨੂੰ ਲੈ ਕੇ ਚਰਚਾ ਵਿੱਚ ਹਨ, ਜੋ ਉਨ੍ਹਾਂ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਦਿੱਤਾ ਹੈ। ਪਾਕਿਸਤਾਨੀ ਕ੍ਰਿਕਟਰ ਉਮਰ ਅਕਮਲ ਨੇ ਭਾਰਤੀ ਪ੍ਰਸ਼ੰਸਕਾਂ ਦੀ ਖੂਬ ਤਾਰੀਫ ਕੀਤੀ ਹੈ। 32 ਸਾਲਾ ਕ੍ਰਿਕਟਰ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਭਾਰਤ ‘ਚ ਖੇਡਿਆ ਹੈ ਤਾਂ ਉਸ ਨੂੰ ਅਜਿਹਾ ਮਹਿਸੂਸ ਹੋਇਆ ਹੈ ਜਿਵੇਂ ਉਹ ਆਪਣੇ ਹੀ ਦੇਸ਼ ‘ਚ ਖੇਡ ਰਿਹਾ ਹੋਵੇ। ਉਮਰ ਅਕਮਲ ਨੇ ਇੰਟਰਵਿਊ ‘ਚ ਕਿਹਾ, ”ਮੈਨੂੰ ਭਾਰਤ ‘ਚ ਖੇਡਣਾ ਪਸੰਦ ਹੈ। ਉਨ੍ਹਾਂ ਕਿਹਾ, ਜਦੋਂ ਮੈਂ ਭਾਰਤ ਵਿੱਚ ਖੇਡਦਾ ਹਾਂ ਤਾਂ ਮੈਨੂੰ ਲੱਗਦਾ ਹੈ ਜਿਵੇਂ ਮੈਂ ਆਪਣੇ ਦੇਸ਼ ਵਿੱਚ ਖੇਡ ਰਿਹਾ ਹਾਂ। ਦਰਸ਼ਕ ਦੋਵਾਂ ਟੀਮਾਂ ਨੂੰ ਬਹੁਤ ਸਤਿਕਾਰ ਦਿੰਦੀ ਹਨ। ਅਜਿਹਾ ਨਹੀਂ ਹੈ ਕਿ ਉਹ ਸਿਰਫ਼ ਭਾਰਤ ਨੂੰ ਹੀ ਇੱਜ਼ਤ ਦਿੰਦੇ ਹਨ। ਜੋ ਵੀ ਟੀਮ ਉੱਥੇ ਆਉਂਦੀ ਹੈ, ਉਹ ਉਸ ਨੂੰ ਬਹੁਤ ਸਨਮਾਨ ਦਿੰਦੇ ਹਨ। ਖਾਸ ਕਰਕੇ ਪਾਕਿਸਤਾਨੀ ਖਿਡਾਰੀਆਂ ਨੂੰ ਬਹੁਤ ਸਨਮਾਨ ਮਿਲਦਾ ਹੈ। ਉੱਥੇ ਖੇਡਣਾ ਮਜ਼ੇਦਾਰ ਹੈ। ਦੱਸ ਦੇਈਏ ਉਮਰ ਅਕਮਲ ਆਖਰੀ ਵਾਰ ਅਕਤੂਬਰ 2019 ਵਿੱਚ ਪਾਕਿਸਤਾਨ ਲਈ ਖੇਡੇ ਸੀ। ਉਮਰ ਨੇ ਕਿਹਾ, ”ਮੈਂ ਸਖਤ ਟ੍ਰੇਨਿੰਗ ਕਰ ਰਿਹਾ ਹਾਂ। ਮੈਂ ਇੱਕ ਵਾਰ ਫਿਰ ਪਾਕਿਸਤਾਨ ਲਈ ਵਾਪਸੀ ਕਰਾਂਗਾ। ਇੰਸ਼ਾ-ਅੱਲ੍ਹਾ। ਮੇਰਾ ਪੂਰਾ ਧਿਆਨ ਪਾਕਿਸਤਾਨ ਸੁਪਰ ਲੀਗ ‘ਚ ਕਵੇਟਾ ਗਲੇਡੀਏਟਰਜ਼ ਲਈ ਚੰਗਾ ਪ੍ਰਦਰਸ਼ਨ ਕਰਨ ‘ਤੇ ਹੈ। ਜੇਕਰ ਮੈਂ ਚੰਗਾ ਪ੍ਰਦਰਸ਼ਨ ਕਰਦਾ ਹਾਂ ਤਾਂ ਕਵੇਟਾ ਵੀ ਚੰਗਾ ਪ੍ਰਦਰਸ਼ਨ ਕਰੇਗਾ ਅਤੇ ਜੇਕਰ ਚੋਣ ਕਮੇਟੀ ਨੂੰ ਲੱਗਦਾ ਹੈ ਕਿ ਮੈਂ ਅਜੇ ਵੀ ਕਾਫੀ ਚੰਗਾ ਹਾਂ ਤਾਂ ਮੈਂ ਯਕੀਨੀ ਤੌਰ ‘ਤੇ ਪਾਕਿਸਤਾਨ ਲਈ ਦੁਬਾਰਾ ਖੇਡਾਂਗਾ।