ਇੰਦੌਰ : ਰਿਲੀ ਰੋਸੋ ਦੇ ਸੈਂਕੜੇ (ਅਜੇਤੂ 100) ਦੀ ਬਦੌਲਤ ਦੱਖਣੀ ਅਫਰੀਕਾ ਨੇ ਮੰਗਲਵਾਰ ਨੂੰ ਤੀਜੇ ਟੀ-20 ਮੈਚ ਵਿਚ ਭਾਰਤ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ ’ਚ ਤਿੰਨ ਵਿਕਟਾਂ ’ਤੇ 227 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤੀ ਟੀਮ 18.3 ਓਵਰਾਂ ’ਚ 178 ਦੌੜਾਂ ’ਤੇ ਆਲ ਆਊਟ ਹੋ ਗਈ। ਜ਼ਿਕਰਯੋਗ ਹੈ ਕਿ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੁਕਾਬਲੇ ਜਿੱਤ ਕੇ ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਲਈ ਸੀ। ਇਸ ਤੋਂ ਪਹਿਲਾਂ ਰੋਸੋ ਨੂੰ ਇਸ ਧਮਾਕੇਦਾਰ ਪਾਰੀ ਦੌਰਾਨ ਇਕ ਜੀਵਨ ਦਾਨ ਮਿਲਿਆ ਜਦ ਬੈਕਵਰਡ ਡੀਪ ਸਕੁਏਅਰ ਲੈੱਗ ਬਾਊਂਡਰੀ ’ਤੇ ਸਿਰਾਜ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। ਉਸ ਸਮੇਂ ਰੋਸੋ 29 ਦੌੜਾਂ ’ਤੇ ਖੇਡ ਰਹੇ ਸਨ। ਭਾਰਤ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਪਾਰੀ ਦੇ 16ਵੇਂ ਓਵਰ ਵਿਚ ਸਟੱਬਜ਼ ਨੂੰ ਜਲਦੀ ਕ੍ਰੀਜ਼ ਨਾ ਛੱਡਣ ਦੀ ਚਿਤਾਵਨੀ ਵੀ ਦਿੱਤੀ। ਭਾਰਤ ਨੇ ਮੈਚ ਤੋਂ ਪਹਿਲਾਂ ਆਖ਼ਰੀ ਇਲੈਵਨ ਵਿਚ ਤਿੰਨ ਤਬਦੀਲੀਆਂ ਕੀਤੀਆਂ। ਵਿਰਾਟ ਕੋਹਲੀ, ਕੇਐੱਲ ਰਾਹੁਲ ਨੂੰ ਪਹਿਲਾਂ ਹੀ ਟੀਮ ਮੈਨੇਜਮੈਂਟ ਨੇ ਆਰਾਮ ਦੇਣ ਦਾ ਫ਼ੈਸਲਾ ਕੀਤਾ ਸੀ ਜਦਕਿ ਅਰਸ਼ਦੀਪ ਪਿੱਠ ਵਿਚ ਪਰੇਸ਼ਾਨੀ ਕਾਰਨ ਨਹੀਂ ਖੇਡ ਸਕੇ। ਉਨ੍ਹਾਂ ਦੀ ਥਾਂ ’ਤੇ ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ ਤੇ ਉਮੇਸ਼ ਯਾਦਵ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ। ਦੱਖਣੀ ਅਫਰੀਕਾ ਨੇ ਨਾਰਤਜੇ ਦੀ ਥਾਂ ’ਤੇ ਪਿ੍ਰਟੋਰੀਅਸ ਨੂੰ ਟੀਮ ’ਚ ਲਿਆ।