ਟੋਕੀਓ ਉਲੰਪਿਕ-2021 ਲਈ ਭਾਰਤੀ ਹਾਕੀ ਟੀਮ ‘ਚ ਪੰਜਾਬ ਨੇ ਮੈਕਸੀਕੋ ਉਲੰਪਿਕਸ-1968 ਮਗਰੋਂ ਦੋਬਾਰਾ ਫਿਰ ਸਿਰਜਿਆ ਇਤਿਹਾਸ !

ਟੋਕੀਓ ਉਲੰਪਿਕਸ-2021 ਲਈ ਭਾਰਤੀ ਹਾਕੀ ਟੀਮ ਦੇ ਕੁੱਲ 18 ਖਿਡਾਰੀਆਂ ਵਿੱਚੋਂ ਪੰਜਾਬ ਦੇ 8 ਖਿਡਾਰੀਆਂ ਦਾ ਚੁਣੇ ਜਾਣਾ ਅਤੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਦਾ ਵੀ ਪੰਜਾਬੀ ਖਿਡਾਰੀ ਦੇ ਹਿੱਸੇ ਆਉਣਾ, ਪੰਜਾਬ ਵਿੱਚ ਹਾਕੀ ਦੇ ਮੁੜ ਸੁਰਜੀਤ ਹੋਣ ਦਾ ਸ਼ੁਭ ਸ਼ਗਨ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗਾ । ਭਾਰਤੀ ਹਾਕੀ ਟੀਮ ਵਿੱਚ ਇਹ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ । ਇਸ ਸਾਲ ਟੋਕੀਓ ਉਲੰਪਿਕਸ-2021 ਵਿੱਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਦੇ ਕੁੱਲ 16 ਵਿੱਚੋਂ 8 ਖਿਡਾਰੀ ਪੰਜਾਬ ਦੇ ਚੁਣੇ ਗਏ ਹਨ । ਟੋਕੀਓ ਵਿਖੇ ਉਲੰਪਿਕ ਖੇਡ੍ਹਾਂ ਵਿੱਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਦੀ ਦਾ ਕਪਤਾਨ ਵੀ ਪੰਜਾਬੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਚੁਣਿਆ ਗਿਆ ਹੈ , ਜੋ ਕਿ ਪੰਜਾਬ ਪੁਲੀਸ ਵਿੱਚ ਬਤੌਰ ਡੀ ਐੱਸ ਪੀ ਦੇ ਅਹੁਦੇ ‘ਤੇ ਤਾਇਨਾਤ ਹੈ । ਭਾਰਤੀ ਹਾਕੀ ਟੀਮ ਵਿੱਚ ਕੈਪਟਨ ਮਨਪ੍ਰੀਤ ਤੋਂ ਇਲਾਵਾ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ ਅਤੇ ਦਿਲਪ੍ਰੀਤ ਸਿੰਘ ਨਾਂ ਦੇ ਪੰਜਾਬ ਨਾਲ ਸਬੰਧਤ ਹਾਕੀ ਖਿਡਾਰੀਆਂ ਦੀ ਚੋਣ ਹੋਈ ਹੈ ।

ਭਾਰਤ ਦੀ ਆਜ਼ਾਦੀ ਤੋਂ ਬਾਅਦ 1948 ਦੀਆਂ ਲੰਡਨ ਉਲੰਪਿਕ ਖੇਡ੍ਹਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਵੱਲੋਂ ਸਿਰਫ ਦੋ ਖਿਡਾਰੀ ਬਲਵੀਰ ਸਿੰਘ ਸੀਨੀਅਰ ਅਤੇ ਤ੍ਰਿਲੋਚਨ ਸਿੰਘ ਬਜਵਾ ਹੀ ਖੇਡੇ ਸਨ । ਆਜ਼ਾਦ ਭਾਰਤ ਤੋਂ ਪਹਿਲਾਂ ਬਰਤਾਨਵੀ ਰਾਜ ਅਧੀਨ ਭਾਰਤੀ ਹਾਕੀ ਟੀਮ ਨੇ ਇੰਗਲੈਂਡ ਨੂੰ ਉਹਨਾਂ ਦੀ ਭੂੰਮੀ ‘ਤੇ ਹੀ ਹਰਾ ਕੇ ਪਹਿਲੀ ਵਾਰ ਇੱਕ ਆਜ਼ਾਦ ਹੋਏ ਦੇਸ਼ ਨੇ ਉਸਦੇ ਹੁਕਮਰਾਨ ਦੇਸ਼ ਵਿੱਚ ਹੀ ਹਰਾ ਕੇ ਆਪਣੇ ਦੇਸ਼ ਦਾ ਪਰਚਿਮ ਲਹਿਰਾ ਕੇ ਇਤਿਹਾਸ ਸਿਰਜਿਆ ਸੀ , ਉਹ ਵੀ ਉਸ ਦੇਸ਼ ਉੱਤੇ ਜਿਸਨੇ 200 ਸਾਲ ਭਾਰਤ ਨੂੰ ਗੁਲਾਮ ਬਣਾਕੇ ਉਸ ਉੱਤੇ ਰਾਜ ਕੀਤਾ ਹੋਵੇ ।

ਪੰਜਾਬ ਦੇ ਜਿਲ੍ਹਾ ਜਲੰਧਰ ਵਿੱਚ ਸੁਰਜੀਤ ਸਪੋਰਟਸ ਅਕੈਡਮੀ ਤੋਂ ਇਹ ਸਾਰੇ ਹੀ ਪੰਜਾਬ ਨਾਲ ਸਬੰਧਤ ਖਿਡਾਰੀ ਸਿਖਲਾਈ ਲੈ ਚੁੱਕੇ ਹਨ । ਅਕੈਡਮੀ ਦੇ ਕੋਚ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਅਤੇ ਸਾਡੀ ਸੁਰਜੀਤ ਅਕੈਡਮੀ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਤੋਂ ਸਿਖਲਾਈ ਪ੍ਰਾਪਤ ਮਨਪ੍ਰੀਤ ਟੋਕੀਓ ਉਲੰਪਿਕਸ ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗਾ ।


ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦਾ ਇਤਿਹਾਸ
:::::::::::::::::::::::::::::::::::::::::::::::::::

ਹਾਕੀ ਦੀ ਬੁਨਿਆਦ ਰੱਖਣ ਵਿੱਚ ਐਂਗਲੋ ਇੰਡੀਅਨਜ਼ ਦਾ ਵਿਸ਼ੇਸ਼ ਯੋਗਦਾਨ ਹੈ । ਇਸਦਾ ਜਨਮ 19ਵੀਂ ਸਦੀ ਦੇ ਸਰੂ ਵਿੱਚ ਕਲਕੱਤਾ ਵਿੱਚ ਹੋਇਆ । ਭਾਰਤ ਦੀ ਵੰਡ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਵਿੱਚ ਮੁੱਖ ਤੌਰ ਤੇ ਇੰਡੀਅਨ ਆਰਮੀ, ਇੰਡੀਅਨ ਰੇਲਵੇ, ਕਸਟਮ ਜਾਂ ਤਾਰ ਵਿਭਾਗ ਦੇ ਖਿਡਾਰੀ ਹੀ ਹੁੰਦੇ ਸਨ । ਪਰ ਹੌਲ਼ੀ-ਹੌਲ਼ੀ ਹਾਕੀ ਦੀ ਖੇਡ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਵਿੱਚ ਹਰਮਨ ਪਿਆਰੀ ਹੋ ਗਈ ਅਤੇ ਫਿਰ ਇਹ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਖੇਡ੍ਹੀ ਜਾਣ ਲੱਗ ਪਈ । ਪਰ ਇਹ ਖੇਡ ਸਾਂਝੇ ਪੰਜਾਬ ਵਿੱਚ ਨੌਜੁਆਨਾਂ ਵਿੱਚ ਬਹੁਤ ਜਿਆਦਾ ਹਰਮਨ ਪਿਆਰੀ ਬਣ ਜਾਣ ਕਾਰਨ ਪੰਜਾਬ ਹਾਕੀ ਵਿੱਚ ਇੱਕ ਸ਼ਕਤੀਸ਼ਾਲੀ ਸੂਬਾ ਉੱਭਰਕੇ ਸਾਹਮਣੇ ਆਇਆ ।

ਪਰ ਭਾਰਤ ਦੀ ਆਜ਼ਾਦੀ ਅਸਲ ਮਾਅਨਿਆਂ ਵਿੱਚ ਹਾਕੀ ਲਈ ਬਹੁਤ ਵੱਡਾ ਸੰਤਾਪ ਸੀ । ਕਿਉਂਕਿ ਭਾਰਤ ਦੀ ਵੰਡ ਪਿੱਛੋਂ ਸਾਂਝੇ ਪੰਜਾਬ ਦੇ ਉਸ ਸਮੇਂ ਦੇ ਮੁਸਲਿਮ ਧਰਮ ਨਾਲ ਸਬੰਧਤ ਬਹੁਤੇ ਚੋਟੀ ਦੇ ਖਿਡਾਰੀਆਂ ਨੇ ਲਹਿੰਦੇ ਪੰਜਾਬ ਵਿੱਚ ਲਾਹੌਰ ਜਾ ਕੇ ਵਸਣ ਦਾ ਫੈਸਲਾ ਲੈ ਲਿਆ। ਭਾਰਤ ਦੀ ਵੰਡ ਤੋਂ ਅਗਲੇ ਹੀ ਸਾਲ 1948 ‘ਚ ਇਹ ਖਿਡਾਰੀ ਲੰਡਨ ਉਲੰਪਿਕ ਵਿੱਚ ਪਾਕਿਸਤਾਨ ਵੱਲੋਂ ਖੇਡ੍ਹੇ । ਪੰਜਾਬ ਦੇ ਨਾਮਵਰ ਹਾਕੀ ਖਿਡਾਰੀ ਵੀ ਕੋਲਕਾਤਾ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਜਾ ਵਸੇ ਅਤੇ ਉਹਨਾਂ ਨੇ ਉਹਨਾਂ ਸ਼ਹਿਰਾਂ ਨਾਲ ਸਬੰਧਤ ਸੂਬਿਆਂ ਦੀਆਂ ਹਾਕੀ ਟੀਮਾਂ ਦੀ ਨੁਮਾਇੰਦਗੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੱਗੇ ਭਾਰਤੀ ਹਾਕੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਲਈ। ਇਸ ਤਰਾਂ ਲੰਡਨ ਉਲੰਪਿਕਸ-1948 ਤੋਂ ਪਹਿਲਾਂ ਭਾਰਤ ਦੇ ਰਾਸ਼ਟਰੀ ਹਾਕੀ ਮੁਕਾਬਲਿਆਂ ਵਿੱਚ ਲਗਾਤਾਰ ਸਰਦਾਰੀ ਕਰਦੇ ਆ ਰਹੇ ਪੰਜਾਬ ਨੂੰ ਰਾਸ਼ਟਰੀ ਮੁਕਾਬਲੇ ਵਿੱਚ ਮੂੰਹ ਦੀ ਖਾਣੀ ਪਈ । ਮੁੰਬਈ ਨੇ ਰਾਸ਼ਟਰੀ ਮੁਕਾਬਲਾ ਜਿੱਤਕੇ ਲੰਡਨ ਉਲੰਪਿਕਸ ਲਈ ਭਾਰਤੀ ਹਾਕੀ ਟੀਮ ਦੀ ਝੋਲ਼ੀ 7 ਖਿਡਾਰੀ ਪਾਏ, ਜਦਕਿ ਪੰਜਾਬ ਤੋਂ ਸਿਰਫ ਬਲਵੀਰ ਸਿੰਘ ਅਤੇ ਤ੍ਰਿਲੋਚਨ ਸਿੰਘ ਬਾਜਵਾ ਹੀ ਖੇਡ੍ਹ ਸਕੇ ਸਨ ।

ਪੰਜਾਬ ਦੀ ਹਾਕੀ ਦੇ ਪਤਨ ‘ਤੇ ਲੰਡਨ ਉਲੰਪਿਕ ਖੇਡ੍ਹਾਂ ਪਿੱਛੋਂ ਪੂਰੇ 70 ਸਾਲਾਂ ਬਾਦ ਸਾਲ 2018 ਵਿੱਚ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਉਲੰਪੀਅਨ ਬਲਵੀਰ ਸਿੰਘ ਸੀਨੀਅਰ ਨੇ ਕਿਹਾ ਸੀ - “ਜੇਕਰ 1947 ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦਾ ਗਠਨ ਕੀਤਾ ਹੁੰਦਾ ਤਾਂ ਉਸ ਸਮੇਂ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 7-8 ਖਿਡਾਰੀ ਆ ਸਕਦੇ ਸਨ । ਪਰ ਭਾਰਤ ਪਕਿਸਤਾਨ ਦੀ ਵੰਡ ਨੇ ਸਾਡੇ ਤੋਂ ਕੁਝ ਅੱਛੇ ਹਾਕੀ ਖਿਡਾਰੀਆਂ ਨੂੰ ਸਾਡੇ ਤੋਂ ਵੱਖ ਕਰ ਦਿੱਤਾ, ਜਿੰਨ੍ਹਾਂ ਨੇ ਲੰਡਨ ਉਲੰਪਿਕ ਵਿੱਚ ਪਾਕਿਸਤਾਨ ਟੀਮ ਦੀ ਨੁਮਇੰਦਗੀ ਕੀਤੀ ।”

ਪਰ 1960 ਵਿੱਚ ਪੰਜਾਬ ਵਿੱਚ ਹਾਕੀ ਖੇਡ੍ਹ ਮੁੜ ਸੁਰਜੀਤ ਹੋਣ ਲੱਗੀ । ਇਸਦਾ ਸਿਹਰਾ ਦੁਆਬੇ ਵਿੱਚ ਜਲੰਧਰ ਦੇ ਬਿੱਲਕੁੱਲ ਨਜ਼ਦੀਕ ਪੈਂਦੇ ਪਿੰਡ ਸੰਸਾਰਪੁਰ ਨੂੰ ਜਾਂਦਾ ਹੈ, ਜਿਸਦੇ ਨਾਂ 15 ਉਲੰਪਿਕ ਮੈਡਲ ਹਨ । ਸੰਨ 1968 ਦੀਆਂ ਮੈਕਸੀਕੋ ਉਲੰਪਿਕ ਖੇਡ੍ਹਾਂ ਦੀ ਉਲੰਪਿਕ ਤੇਜੂ ਟੀਮ ਵਿੱਚ ਪੰਜਾਬ ਵੱਲੋਂ 11 ਖਿਡਾਰੀ ਭਾਰਤੀ ਹਾਕੀ ਟੀਮ ਲਈ ਖੇਡ੍ਹੇ ਸਨ, ਜਿਹਨਾਂ ਵਿਚੋਂ ਇਕੱਲੇ ਸੰਸਾਰਪੁਰ ਪਿੰਡ ਦੇ ਪੰਜ ਖਿਡਾਰੀ ਸਨ । ਮੈਕਸੀਕੋ ਉਲੰਪਿਕਸ-1968 ਦੇ ਉਲੰਪਿਕ ਤਮਗਾ ਜੇਤੂ ਖਿਡਾਰੀ ਕਰਨਲ ਬਲਵੀਰ ਸਿੰਘ ਭਾਰਤੀ ਹਾਕੀ ਵਿੱਚ ਪੰਜਾਬ ਦੀ ਮੁੜ ਤੋਂ ਚੰਗੀ ਕਾਰਗੁਜ਼ਾਰੀ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਮੁੜ ਤੋਂ ਪੰਜਾਬ ਦੀ ਚੜ੍ਹਤ ਨੂੰ ਵੇਖਕੇ ਖੁਸ਼ ਹਾਂ । ਟੋਕੀਓ ਜਾਣ ਵਾਲੀ ਅੱਧੀ ਟੀਮ ਇੱਕ ਸੂਬੇ ਤੋਂ ਆਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ ।”

ਸਾਲ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੀ ਯੋਗ ਅਗਵਾਈ ਵੀ ਪਿੰਡ ਸੰਸਾਰਪੁਰ ਦੇ ਅਜੀਤਪਾਲ ਸਿੰਘ ਨੇ ਕੀਤੀ ਸੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸਾਬਕਾ ਉਲੰਪੀਅਨ ਕਪਤਾਨ ਪਰਗਟ ਸਿੰਘ ਅਤੇ ਟੋਕੀਓ ਉਲੰਪਿਕਸ-2021 ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨ ਵਾਲੇ ਮਨਪ੍ਰੀਤ ਸਿੰਘ ਅਤੇ ਟੀਮ ਦਾ ਇੱਕ ਹੋਰ ਖਿਡਾਰੀ ਮਨਦੀਪ ਸਿੰਘ ਵੀ ਪਿੰਡ ਮਿੱਠਾਪੁਰ ਨਾਲ ਸਬੰਧਤ ਹਨ ਜੋ ਕਿ ਸੰਸਾਰਪੁਰ ਤੋਂ ਕੇਵਲ ਦੋ ਕਿ ਮੀ ਦੀ ਦੂਰੀ ‘ਤੇ ਸਥਿੱਤ ਹੈ, ਜਦੋਂ ਕਿ ਇਸੇ ਟੀਮ ਵਿੱਚ ਹਾਰਦਿਕ ਸਿੰਘ ਸੰਸਾਰਪੁਰ ਤੋਂ ਕੇਵਲ ਡੇਢ ਕਿ. ਮੀ. ਦੂਰੀ ‘ਤੇ ਪੈਂਦੇ ਪਿੰਡ ਖੁਸਰੋਪੁਰ ਦਾ ਰਹਿਣ ਵਾਲਾ ਹੈ ।


ਸੋ ਆਸ ਹੈ ਕਿ ਟੋਕੀਓ ਉਲੰਪੋਕਸ-2021 ਵਿੱਚ ਹਿੱਸਾ ਲੈ ਰਹੀ ਭਾਰਤੀ ਹਾਕੀ ਵਿੱਚ ਪੰਜਾਬ ਦੇ ਖਿਡਾਰੀ ਭਾਰਤ ਦੀ ਝੋਲ਼ੀ ਵਿੱਚ ਸੋਨ ਤਮਗਾ ਪਾ ਕੇ ਪੰਜਾਬ ਵਿੱਚ ਹਾਕੀ ਦਾ ਭਵਿੱਖ ਰੌਸ਼ਨ ਕਰਨਗੇ ।


                                                                                                                                                                                                                                    ਬਲਜਿੰਦਰ ਭਨੋਹੜ ।