ਸੁਧਾਰ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-21 ਵਰਗ ਦੀ 100 ਮੀਟਰ ਦੌੜ ਵਿਚ ਪਹਿਲਾ ਤੇ ਦੂਜਾ ਸਥਾਨ ਸੁਧਾਰ ਕਾਲਜ ਦੇ ਖਿਡਾਰੀਆਂ ਨੇ ਪ੍ਰਾਪਤ ਕੀਤਾ ਜਿਸ ਤਹਿਤ ਗੁਰਕਮਲ ਸਿੰਘ ਰਾਏ ਨੇ 10:67 ਸਕਿੰਟ ਵਿਚ ਅਤੇ ਕਰਨਜੋਤ ਸਿੰਘ ਨੇ 10:97 ਸਕਿੰਟ ਵਿਚ ਇਹ ਖੇਡ ਮੁਕੰਮਲ ਕਰਕੇ ਕ੍ਰਮਵਾਰ ਸੋਨੇ ਅਤੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਗੁਰਕਮਲ ਸਿੰਘ ਰਾਏ ਨੇ 200 ਮੀਟਰ ਵਿਚ ਵੀ ਸੋਨ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਨੇ 400 ਮੀਟਰ ਤੇ 400 ਮੀਟਰ ਰਿਲੇਅ ਵਿਚ ਸੋਨੇ ਦਾ ਤਮਗਾ ਅਤੇ 200 ਮੀਟਰ ਵਿਚ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਦੱਸਿਆ ਕਿ ਕਾਲਜ ਦੀ ਹਾਕੀ ਟੀਮ ਇਨ੍ਹਾਂ ਖੇਡਾਂ ਵਿਚ ਤੀਜੇ ਸਥਾਨ 'ਤੇ ਰਹੀ। ਖਾਲਸਾ ਕਾਲਜ ਹਾਕੀ ਟੀਮ ਵਿਚੋਂ 6 ਖਿਡਾਰੀਆਂ; ਮਨਜੋਤ ਸਿੰਘ, ਹਰਮਨ ਸੰਧੂ, ਯੁਧਵੀਰ ਮੱਲ, ਪ੍ਰਿੰਸ, ਜਸ਼ਨਪ੍ਰੀਤ ਅਤੇ ਰੋਹਿਤ ਸੰਧੂ ਦੀ ਚੋਣ ਪ੍ਰਾਂਤਕ ਪੱਧਰ ਦੇ ਮੁਕਾਬਲਿਆਂ ਲਈ ਹੋਈ ਹੈ। ਖਿਡਾਰੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ 'ਤੇ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਗਿੱਲ, ਸਕੱਤਰ ਡਾ. ਐੱਸ. ਐੱਸ. ਥਿੰਦ ਅਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਵੱਲੋਂ ਮੁਬਾਰਕਵਾਦ ਦਿੱਤੀ ਗਈ। ਇਸ ਮੌਕੇ ਖਿਡਾਰੀਆਂ ਸਮੇਤ ਖੇਡ ਵਿਭਾਗ ਦੇ ਮੁਖੀ ਡਾ. ਬਲਜਿੰਦਰ ਸਿੰਘ, ਹਾਕੀ ਕੋਚ ਸ੍ਰ. ਮਲਕੀਤ ਸਿੰਘ ਗਿੱਲ, ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਅਰੁਣ ਕੁਮਾਰ, ਪ੍ਰੋ. ਵਿਨੋਦ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਸੁਖਜਿੰਦਰ ਬਾਜਵਾ ਅਤੇ ਹੋਰ ਹਾਜਰ ਸਨ।