ਨਵੀਂ ਦਿੱਲੀ : ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਬੁਧਵਾਰ ਨੂੰ ਰਣਜੀ ਟਰਾਫੀ ਮੈਚ ‘ਚ ਸੈਂਕੜਾ ਲਗਾਇਆ ਹੈ। 34 ਸਾਲ ਪਹਿਲਾ 1988 ਵਿਚ ਸਚਿਨ ਤੇਂਦੁਲਕਰ ਨੇ ਵੀ ਰਣਜੀ ਮੈਚ ‘ਚ 100 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਅੱਜ ਪਿਤਾ ਦੀ ਰਾਹ ‘ਤੇ ਚਲਦੇ ਹੋਏ ਅਰਜੁਨ ਤੇਂਦੁਲਕਰ ਨੇ ਵੀ ਰਣਜੀ ਟਰਾਫੀ ਦੇ ਅਪਣੇ ਡੈਬਿਊ ਮੈਚ ਵਿੱਚ ਇਹ ਕਮਾਲ ਕੀਤਾ ਹੈ। ਰਾਜਸਥਾਨ ਅਤੇ ਗੋਆ ਵਿਚਾਲੇ ਖੇਡੇ ਜਾ ਰਹੇ ਮੈਚ ‘ਚ ਅਰਜੁਨ ਤੇਂਦੁਲਕਰ 201 ਦੌੜਾਂ ‘ਤੇ 5 ਵਿਕਟਾਂ ਡਿੱਗਣ ਤੋਂ ਬਾਅਦ ਮੈਦਾਨ ‘ਤੇ ਆਏ ਸਨ। ਉਨ੍ਹਾਂ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਦੇਖਣ ਨੂੰ ਮਿਲੀ ਸੀ। ਅਰਜੁਨ ਤੇਂਦੁਲਕਰ ਨੇ ਦੂਜੇ ਦਿਨ 178 ਗੇਂਦਾਂ ‘ਚ 12 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ ਸੀ। ਦੱਸ ਦੇਈਏ ਕਿ ਅਰਜੁਨ ਤੇਂਦੁਲਕਰ ਨੇ ਇਹ ਕਾਰਨਾਮਾ ਕਿਸੇ ਹਲਕੀ ਟੀਮ ਖ਼ਿਲਾਫ਼ ਨਹੀਂ ਕੀਤਾ ਹੈ। ਰਾਜਸਥਾਨ ਦੀ ਟੀਮ ਦੋ ਵਾਰ ਦੀ ਰਣਜੀ ਚੈਂਪੀਅਨ ਹੈ। ਇਸ ਦੇ ਨਾਲ ਹੀ ਟੀਮ ‘ਚ ਕਮਲੇਸ਼ ਨਾਗਰਕੋਟੀ ਮਹੀਪਾਲ ਲੋਮਰ ਵਰਗੇ ਆਈਪੀਐੱਲ ਸਟਾਰ ਗੇਂਦਬਾਜ਼ ਹਨ। ਬੱਲੇਬਾਜ਼ੀ ਤੋਂ ਬਾਅਦ ਅਰਜੁਨ ਤੇਂਦੁਲਕਰ ਨੇ ਰਾਜਸਥਾਨ ਦੇ ਖ਼ਿਲਾਫ਼ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਜੋਂ ਵੀ ਆਪਣੀ ਛਾਪ ਬਣਾਈ ਹੈ। ਪਿਤਾ ਸਚਿਨ ਤੇਂਦੁਲਕਰ ਨੇ 1988 ‘ਚ ਗੁਜਰਾਤ ਖ਼ਿਲਾਫ਼ 100 ਦੌੜਾਂ ਬਣਾਈਆਂ ਸਨ ਜਿਸ ‘ਤੋਂ ਅੱਜ ਅਰਜੁਨ 104 ਦੌੜਾਂ ਬਣਾ ਕੇ ਅੱਗੇ ਨਿਕਲ ਗਏ ਹਨ। ਜਾਣਕਾਰੀ ਅਨੁਸਾਰ ਹੁਣ ਰਣਜੀ ਟਰਾਫੀ ਦਾ ਲੀਗ ਦੌਰ 3 ਦੀ ਬਜਾਏ 4 ਦਿਨ ਖੇਡਿਆ ਜਾ ਰਿਹਾ ਹੈ।