ਭਾਰਤੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਵਨ ਡੇ ਜਿੱਤਣ ਉਤਰੇਗੀ

ਨਵੀਂ ਦਿੱਲੀ : ਦਿੱਲੀ 'ਚ ਲਗਾਤਾਰ ਹੋ ਰਹੀ ਬਾਰਿਸ਼ ਵਿਚਾਲੇ ਭਾਰਤੀ ਟੀਮ ਮੰਗਲਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਵਨ ਡੇ ਜਿੱਤਣ ਉਤਰੇਗੀ। ਮੰਗਲਵਾਰ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਹਿਲੇ ਮੈਚ ਵਿਚ ਥੋੜ੍ਹੇ ਫ਼ਰਕ ਨਾਲ ਹਾਰ ਤੋਂ ਬਾਅਦ ਭਾਰਤ ਦੀ ਦੂਜੇ ਦਰਜੇ ਦੀ ਟੀਮ ਨੇ ਦੂਜੇ ਵਨ ਡੇ ਵਿਚ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕੀਤੀ। ਇਕ ਵਾਰ ਮੁੜ ਭਾਰਤੀ ਪ੍ਰਸ਼ੰਸਕ ਸ਼੍ਰੇਅਸ ਅਈਅਰ ਤੇ ਇਸ਼ਾਨ ਕਿਸ਼ਨ ਦੀ ਬਿਹਤਰੀਨ ਬੱਲੇਬਾਜ਼ੀ ਦਾ ਨਮੂਨਾ ਦੇਖਣਾ ਚਾਹੁਣਗੇ। ਭਾਰਤ ਦੀ ਮੁੱਖ ਟੀਮ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਸਟ੍ਰੇਲੀਆ ਵਿਚ ਹੈ। ਇਸ ਕਾਰਨ ਸ਼ਿਖਰ ਧਵਨ ਦੀ ਕਪਤਾਨੀ ਵਿਚ ਵਨ ਡੇ ਟੀਮ ਦੱਖਣੀ ਅਫਰੀਕਾ ਦੀ ਮੁੱਖ ਟੀਮ ਖ਼ਿਲਾਫ਼ ਖੇਡ ਰਹੀ ਹੈ। ਦੱਖਣੀ ਅਫਰੀਕੀ ਟੀਮ ਆਸਟ੍ਰੇਲੀਆ ਦੀ ਥਾਂ ਭਾਰਤ ਵਿਚ ਹੀ ਅਭਿਆਸ ਕਰ ਰਹੀ ਹੈ। ਅਗਲੇ ਸਾਲ ਭਾਰਤ ਵਿਚ ਹੀ ਵਨ ਡੇ ਵਿਸ਼ਵ ਕੱਪ ਹੋਣਾ ਹੈ ਤੇ ਇਸ ਕਾਰਨ ਇਹ ਵਨ ਡੇ ਸੀਰੀਜ਼ ਧਵਨ ਲਈ ਬਹੁਤ ਮਹੱਤਵਪੂਰਨ ਹੈ। ਧਵਨ ਇਸ ਸਮੇਂ ਸਿਰਫ਼ ਵਨ ਡੇ ਫਾਰਮੈਟ ਵਿਚ ਹੀ ਭਾਰਤੀ ਟੀਮ ਦਾ ਹਿੱਸਾ ਹਨ ਤੇ ਉਹ ਦੌੜਾਂ ਬਣਾ ਕੇ ਇਸ ਫਾਰਮੈਟ ਵਿਚ ਬਣੇ ਰਹਿ ਸਕਦੇ ਹਨ। ਇਸ ਕਾਰਨ ਉਨ੍ਹਾਂ ਕੋਲ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿਚ ਖੇਡਣ ਦੀ ਸੰਭਾਵਨਾ ਬਣੀ ਰਹੇਗੀ। ਧਵਨ ਸੀਰੀਜ਼ ਵਿਚ ਹੁਣ ਤਕ ਸਿਰਫ਼ 17 ਦੌੜਾਂ ਬਣਾ ਸਕੇ ਹਨ। ਗਿੱਲ ਸਿਖਰਲੇ ਨੰਬਰ ਵਿਚ ਮਿਲ ਰਹੇ ਮੌਕਿਆਂ ਦਾ ਪੂਰਾ ਫ਼ਾਇਦਾ ਨਹੀਂ ਉਠਾ ਪਾ ਰਹੇ ਹਨ। ਪਹਿਲੇ ਮੈਚ ਵਿਚ ਸਸਤੇ ਵਿਚ ਆਊਟ ਹੋਣ ਤੋਂ ਬਾਅਦ ਦੂਜੇ ਵਨ ਡੇ ਵਿਚ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕੇ।