Akashdeep Singh's hat-trick did not work, the Indian hockey team lost to Australia 4-5

ਐਡੀਲੇਡ (ਪੀਟੀਆਈ) : ਆਕਾਸ਼ਦੀਪ ਸਿੰਘ ਦੀ ਹੈਟਿ੍ਕ ਵੀ ਭਾਰਤੀ ਮਰਦ ਹਾਕੀ ਟੀਮ ਦੇ ਕੰਮ ਨਹੀਂ ਆ ਸਕੀ ਜਿਸ ਨੂੰ ਸ਼ਨਿਚਰਵਾਰ ਨੂੰ ਇੱਥੇ ਆਖ਼ਰੀ ਮਿੰਟ ਵਿਚ ਦੋ ਗੋਲ ਗੁਆਉਣ ਕਾਰਨ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਹੱਥੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਕਾਸ਼ਦੀਪ ਸਿੰਘ (10ਵੇਂ, 27ਵੇਂ ਤੇ 59ਵੇਂ ਮਿੰਟ) ਨੇ ਤਿੰਨ ਗੋਲ ਕੀਤੇ ਜਦਕਿ ਕਪਤਾਨ ਹਰਮਨਪ੍ਰਰੀਤ ਸਿੰਘ (31ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ। ਆਸਟ੍ਰੇਲੀਆ ਲਈ ਲਾਚਲਾਨ ਸ਼ਾਰਪ (ਪੰਜਵੇਂ), ਨਾਥਨ ਇਫਰਾਮਸ (21ਵੇਂ), ਟਾਮ ਕ੍ਰੇਗ (41ਵੇਂ) ਤੇ ਬਲੈਕ ਗੋਵਰਸ (57ਵੇਂ ਤੇ 60ਵੇਂ) ਨੇ ਗੋਲ ਕੀਤਾ। ਗੋਵਰਸ ਨੇ ਮੈਚ ਦੇ ਅੰਤ ਵਿਚ ਪੈਨਲਟੀ ਕਾਰਨਰ ਨਾਲ ਦੋ ਗੋਲ ਕੀਤੇ। ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਆਸਟ੍ਰੇਲੀਆ ਨੇ ਤੇਜ਼ ਸ਼ੁਰੂਆਤ ਕੀਤੀ ਤੇ ਪੰਜਵੇਂ ਹੀ ਮਿੰਟ ਵਿਚ ਬੜ੍ਹਤ ਬੜ੍ਹਤ ਬਣਾ ਲਈ ਤੇ ਸ਼ਾਰਪ ਨੇ ਪਹਿਲੀ ਹੀ ਕੋਸ਼ਿਸ਼ ਵਿਚ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਭੁਲੇਖਾ ਪਾ ਕੇ ਗੋਲ ਕੀਤਾ। ਆਕਾਸ਼ਦੀਪ ਨੇ ਫਿਰ 11ਵੇਂ ਮਿੰਟ ਵਿਚ ਭਾਰਤ ਨੂੰ ਬਰਾਬਰੀ 'ਤੇ ਲਿਆ ਦਿੱਤਾ। ਦੂਜੇ ਕੁਆਰਟਰ ਦੇ ਛੇ ਮਿੰਟ ਬਾਅਦ ਆਸਟ੍ਰੇਲੀਆ ਨੇ ਫਿਰ ਆਪਣੀ ਬੜ੍ਹਤ ਕਾਇਮ ਕਰ ਲਈ ਜਿਸ ਵਿਚ ਭਾਰਤੀਆਂ ਦੇ ਖ਼ਰਾਬ ਡਿਫੈਂਸ ਦਾ ਹੱਥ ਰਿਹਾ। ਆਕਾਸ਼ਦੀਪ ਫਿਰ ਭਾਰਤ ਦੇ ਬਚਾਅ ਵਿਚ ਆਏ ਤੇ ਉਨ੍ਹਾਂ ਨੇ 27ਵੇਂ ਮਿੰਟ ਵਿਚ ਤੇਜ਼ ਰਿਵਰਸ ਹਿੱਟ ਨਾਲ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਪਾਸਾ ਬਦਲਣ ਤੋਂ ਇਕ ਮਿੰਟ ਬਾਅਦ ਹੀ ਹਰਮਨਪ੍ਰਰੀਤ ਨੇ ਪੈਨਲਟੀ ਕਾਰਨਰ ਨਾਲ ਗੋਲ ਕਰ ਕੇ ਭਾਰਤ ਨੂੰ ਮੈਚ ਵਿਚ ਪਹਿਲੀ ਵਾਰ ਅੱਗੇ ਕਰ ਦਿੱਤਾ। ਮੈਚ ਦੇ 41ਵੇਂ ਮਿੰਟ ਵਿਚ ਆਸਟ੍ਰੇਲੀਆ ਨੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ 'ਤੇ ਕ੍ਰੇਗ ਨੇ ਰਿਬਾਊਂਡ 'ਤੇ ਗੋਲ ਕੀਤਾ।

ਆਖ਼ਰੀ ਪੰਜ ਮਿੰਟ ਦੀ ਲਾਪਰਵਾਹੀ ਪਈ ਮਹਿੰਗੀ :

ਭਾਰਤ ਮੈਚ ਦੇ ਆਖ਼ਰੀ ਪੰਜ ਮਿੰਟ ਵਿਚ ਲਾਪਰਵਾਹੀ ਨਾਲ ਖੇਡਿਆ ਜਿਸ ਵਿਚ ਜਰਮਨਪ੍ਰਰੀਤ ਸਿੰਘ ਨੂੰ ਗ਼ੈਰਜ਼ਰੂਰੀ ਗ੍ਰੀਨ ਕਾਰਡ ਮਿਲਿਆ ਜਿਸ ਨਾਲ ਟੀਮ ਦਾ ਇਕ ਖਿਡਾਰੀ ਘੱਟ ਹੋ ਗਿਆ। ਆਸਟ੍ਰੇਲੀਆ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਤੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ 'ਤੇ ਗੋਵਰਸ ਨੇ ਤਾਕਤਵਰ ਫਲਿਕ ਨਾਲ ਗੋਲ ਕੀਤਾ ਪਰ ਆਕਾਸ਼ਦੀਪ ਨੇ ਸੀਟੀ ਵੱਜਣ ਤੋਂ ਇਕ ਮਿੰਟ ਪਹਿਲਾਂ ਗੋਲ ਕਰ ਕੇ ਸਕੋਰ 4-4 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਆਪਣੇ ਹੀ ਸਰਕਲ ਅੰਦਰ ਖ਼ਰਾਬ ਡਿਫੈਂਸ ਦਾ ਭਾਰਤੀਆਂ ਨੂੰ ਖਮਿਆਜ਼ਾ ਭੁਗਤਣਾ ਪਿਆ ਜਿਸ ਨਾਲ ਆਸਟ੍ਰੇਲੀਆ ਨੇ ਦੋ ਹੋਰ ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਵਿਚੋਂ ਦੂਜੀ ਕੋਸ਼ਿਸ਼ ਵਿਚ ਗੋਵਰਸ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਸੀਰੀਜ਼ ਵਿਚ 1-0 ਦੀ ਬੜ੍ਹਤ ਦਿਵਾ ਦਿੱਤੀ।