ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਭਾਰਤੀ ਜੋੜੀ ਨੇ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ, 12 ਮਈ : ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਇਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਿਸ਼ਰਿਤ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਸੋਨ ਤਮਗੇ ਮੁਕਾਬਲੇ ਵਿਚ ਭਾਰਤੀ ਜੋੜੀ ਨੇ ਸਰਬੀਆ ਦੇ ਜੋਰੋਨਾ ਅਰੁਨੋਵਿਚ ਤੇ ਦਾਮਿਰ ਮਿਕੇਚ ਦੀ ਜੋੜੀ ਨੂੰ 16-14 ਨਾਲ ਹਰਾਇਆ। ਸਿਮਲ ਯਿਲਮਾਜ ਤੇਇਸਮਾਇਲ ਕੇਲੇਸ ਦੀ ਤੁਰਕੀ ਦੀ ਜੋੜੀ ਨੇ ਸਾਰਾ ਕੋਸਟੇਨਟਿਨੋ ਤੇ ਪਾਓਲੋ ਮੋਨਾ ਦੀ ਇਟਲੀ ਦੀ ਜੋੜੀ ਨੂੰ 17-9 ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਇੱਕ ਹੋਰ ਭਾਰਤੀ ਜੋੜੀ ਈਸ਼ਾ ਸਿੰਘ ਅਤੇ ਵਰੁਣ ਤੋਮਰ 578 ਦੇ ਸਕੋਰ ਨਾਲ ਕੁਆਲੀਫਾਈ ਵਿੱਚ ਛੇਵੇਂ ਸਥਾਨ ’ਤੇ ਰਹੀ। ਦਿਵਿਆ ਅਤੇ ਸਰਬਜੋਤ ਨੇ 581 ਅੰਕ ਲੈ ਕੇ ਟੌਪ ਕੀਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਿਦਮ ਸਾਂਗਵਾਨ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦੇ ਨਾਲ ਮੁਕਾਬਲੇ ‘ਚ ਭਾਰਤ ਦੇ ਤਮਗੇ ਦੀ ਸ਼ੁਰੂਆਤ ਕੀਤੀ। ਰਿਦਮ ਨੇ 219.1 ਦੇ ਸਕੋਰ ਨਾਲ ਦੋ ਵਾਰ ਦੀ ਓਲੰਪਿਕ ਚੈਂਪੀਅਨ ਸੋਨ ਤਗਮਾ ਜੇਤੂ ਗ੍ਰੀਸ ਦੀ ਅੰਨਾ ਕੋਰਾਕਾਕੀ ਅਤੇ ਚਾਂਦੀ ਦਾ ਤਮਗੇ ਜੇਤੂ ਯੂਕਰੇਨ ਦੀ ਓਲੇਨਾ ਕੋਸਤੇਵਿਚ ਨੂੰ ਪਿੱਛੇ ਛੱਡ ਦਿੱਤਾ।