ਟੀ-20 ਵਿਸ਼ਵ ਕੱਪ 'ਚ ਵੱਡਾ ਉਲਟਫੇਰ, ਆਇਰਲੈਂਡ ਨੇ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾਇਆ

ਮੈਲਬਰਨ : ਆਸਟ੍ਰੇਲੀਆ ‘ਚ ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਬੁੱਧਵਾਰ ਨੂੰ ਇੱਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ।  ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਆਇਰਲੈਂਡ ਨੇ ਡਕਵਰਥ ਲੁਇਸ ਨਿਯਮ ਨਾਲ 5 ਦੌੜਾਂ ਨਾਲ ਹਰਾ ਦਿੱਤਾ। ਸੁਪਰ -12 ਵਿੱਚ ਇੰਗਲੈਂਡ ਤੇ ਆਇਰਲੈਂਡ ਵਿਚਾਲੇ ਇਹ ਮੈਚ ਮੈਲਬਰਨ ਵਿੱਚ ਖੇਡਿਆ ਗਿਆ। ਇਹ ਇੱਕ ਰੋਮਾਚ ਭਰਿਆ ਮੈਚ ਸੀ। ਇਸ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਦੀ ਟੀਮ 19.2 ਓਵਰਾਂ ਵਿੱਚ 157 ਦੌੜਾਂ ‘ਤੇ ਸਿਮਟ ਗਈ ਸੀ। ਆਇਰਲੈਂਡ ਵੱਲੋਂ ਟੀਮ ਦੇ ਕਪਤਾਨ ਐਂਡ੍ਰਿਊ ਬਲਬਰਨੀ ਨੇ 47 ਗੇਂਦਾਂ ਵਿੱਚ 62 ਦੌੜਾਂ ਦੀ ਪਾਰੀ ਖੇਡੀ। ਐਂਡ੍ਰਿਊ ਦੀ ਇਸ ਪਾਰੀ ਵਿੱਚ 5 ਚੌਕੇ ਤੇ 2 ਛੱਕੇ ਸ਼ਾਮਿਲ ਰਹੇ। 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਓਪਨਿੰਗ ਕਰਨ ਆਏ ਬੱਲੇਬਾਜ਼ ਜਾਸ ਬਟਲਰ ਬਿਨ੍ਹਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਐਲੈਕਸ ਹੇਲਸ ਵੀ 7 ਦੌੜਾਂ ਬਣਾ ਕੇ ਆਊਟ ਹੋ ਗਏ। ਡੇਵਿਡ ਮਲਾਨ ਨੇ ਕੁਝ ਸਮਾਂ ਪਾਰੀ ਸੰਭਾਲੀ ਪਰ 35 ਦੌੜਾਂ ਬਣਾ ਕੇ ਉਹ ਵੀ ਪਵੇਲੀਅਨ ਪਰਤ ਗਏ। ਉੱਥੇ ਹੀ ਬੇਨ ਸਟੋਕਸ ਤੇ ਹੈਰੀ ਬ੍ਰੂਕ ਟੀਮ ਦੇ ਲਈ ਕੁਝ ਖਾਸ ਯੋਗਦਾਨ ਨਹੀਂ ਦੇ ਸਕੇ। ਉੱਥੇ ਹੀ ਆਇਰਲੈਂਡ ਦੀ ਗੇਂਦਬਾਜ਼ੀ ਵਿੱਚ ਵੀ ਲੈਅ ਦਿਖਾਈ ਦਿੱਤੀ। ਜੋਸ਼ੁਆ ਲਿਟਿਲ ਨੇ 3 ਓਵਰਾਂ ਵਿੱਚ 16 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਮ ਕੀਤੀਆਂ। ਇਸ ਤੋਂ ਇਲਾਵਾ ਬੈਰੀ ਮੈਕਾਰਥੀ, ਫਿਯੋਨ ਹੈਂਡ ਅਤੇ ਜਾਰਜ ਡਾਕਰੇਲ ਨੇ 1-1 ਵਿਕਟ ਲਈ। ਦੱਸ ਦੇਈਏ ਕਿ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਆਇਰਲੈਂਡ ਤੋਂ 5 ਦੌੜਾਂ ਪਿੱਛੇ ਸੀ। ਇਸ ਗੱਲ ਦਾ ਆਇਰਲੈਂਡ ਨੂੰ ਫਾਇਦਾ ਮਿਲਿਆ। ਇਸ ਤੋਂ ਇਲਾਵਾ ਇੰਗਲੈਂਡ ਦੀ ਟੀਮ ਨੇ ਵੀ ਪਹਿਲਾਂ ਗੇਂਦਬਾਜ਼ੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਲਰਾਊਂਡਰ ਲਿਯਾਮ ਲਿਵਿੰਗਸਟੋਨ ਨੇ 3 ਓਵਰਾਂ ਵਿੱਚ ਮਹਿਜ਼ 17 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਮ ਕੀਤੀਆਂ। ਇਸ ਤੋਂ ਇਲਾਵਾ ਮਾਰਕ ਵੁੱਡ ਨੇ 4 ਓਵਰਾਂ ਵਿੱਚ 3 ਵਿਕਟਾਂ ਲਈਆਂ। ਉੱਥੇ ਹੀ ਸੈਮ ਕਰਨ ਨੇ 2 ਅਤੇ ਬੇਨ ਸਟੋਕਸ ਨੇ 1 ਵਿਕਟ ਆਪਣੇ ਨਾਮ ਕੀਤੀ।