- ਬ੍ਰਿਜ ਭੂਸ਼ਣ ਨੇ ਕਈ ਕੁੜੀਆਂ ਦਾ ਸ਼ੋਸ਼ਣ ਕੀਤਾ ਹੈ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ : ਪਹਿਲਵਾਨ ਮਲਿਕ
ਮੋਹਾਲੀ, 25 ਮਈ : ਉਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅੱਜ ਮੋਹਾਲੀ ਵਿਖੇ ਕੌਮੀਂ ਇਨਸਾਫ਼ ਮੋਰਚੇ ‘ਚ ਪੁੱਜੀ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜੰਤਰ-ਮੰਤਰ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਸਹਿਯੋਗ ਦੀ ਮੰਗ ਕੀਤੀ ਗਈ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਵੀ ਹੋਈ। ਕੌਮੀਂ ਇਨਸਾਫ਼ ਮੋਰਚੇ ਨੂੰ ਸੰਬੋਧਨ ਕਰਦਿਆਂ ਸਾਕਸ਼ੀ ਮਲਿਕ ਨੇ ਕਿਹਾ ਕਿ ਸਾਨੂੰ ਜੰਤਰ-ਮੰਤਰ ਤੇ ਧਰਨਾ ਦਿੰਦਿਆ, ਉਨ੍ਹਾਂ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਕਸ਼ੀ ਨੇ ਕਿਹਾ ਕਿ ਬ੍ਰਿਜ ਭੂਸ਼ਣ ਨੇ ਕਈ ਕੁੜੀਆਂ ਦਾ ਸ਼ੋਸ਼ਣ ਕੀਤਾ ਹੈ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ। ਪਹਿਲਵਾਨ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਕੇ ਸਹਿਯੋਗ ਦਿੱਤਾ ਜਾਵੇ। ਸਾਕਸ਼ੀ ਮਲਿਕ ਨੇ ਕਿਹਾ, “ਧੀਆਂ-ਭੈਣਾਂ ਦੀ ਰਖਿਆ ਲਈ ਸਿੱਖ ਕੌਮ ਹਮੇਸ਼ਾ ਸੱਭ ਤੋਂ ਅੱਗੇ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਵੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਅਤੇ ਜਿੱਤ ਹਾਸਲ ਹੋਈ। ਇਹ ਲੜਾਈ ਜਿੱਤਣ ਲਈ ਪਹਿਲਵਾਨਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ”। ਸਾਕਸ਼ੀ ਮਲਿਕ ਨੇ ਦਸਿਆ 28 ਮਈ ਨੂੰ ਨਵੇਂ ਸੰਸਦ ਭਵਨ ਸਾਹਮਣੇ ਮਹਿਲਾ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹਾਪੰਚਾਇਤ ਵਿਚ ਜ਼ਿਆਦਾ ਤੋਂ ਜ਼ਿਆਦਾ ਧੀਆਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਸ ਮਗਰੋਂ ਕੌਮੀ ਇਨਸਾਫ਼ ਮੋਰਚੇ ਨੇ ਵੀ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਭਰੋਸਾ ਦਿਤਾ। ਇਸ ਤੋਂ ਪਹਿਲਾਂ ਬੀਤੇ ਦਿਨ ਸਾਕਸ਼ੀ ਮਲਿਕ ਅਪਣੇ ਪਤੀ ਪਹਿਲਵਾਨ ਸਤਿਆਵਰਤ ਕਾਦੀਆਂ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਦਿਆਂ ਸੰਘਰਸ਼ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਧੀਆਂ ਦੇ ਇਨਸਾਫ਼ ਦੀ ਲੜਾਈ ਵਿਚ ਸਿੱਖ ਕੌਮ ਨੇ ਹਮੇਸ਼ਾ ਵਧ-ਚੜ੍ਹ ਕੇ ਅਪਣੀ ਭੂਮਿਕਾ ਨਿਭਾਈ ਹੈ। ਮੁਲਾਕਾਤ ਦੌਰਾਨ ਜਥੇਦਾਰ ਨੇ ਸਾਕਸ਼ੀ ਮਲਿਕ ਅਤੇ ਉਨ੍ਹਾਂ ਦੇ ਪਤੀ ਨੂੰ ਸਿਰੋਪਾਉ ਦੇ ਕੇ ਸਨਮਾਨਤ ਵੀ ਕੀਤਾ।