
- 4 ਫਰਵਰੀ ਨੂੰ ਸੁਣਾਈ ਜਾਵੇਗੀ ਸਜਾ
ਚੰਡੀਗੜ੍ਹ, 31 ਜਨਵਰੀ 2025 : 1992 ਦੇ ਝੂਠੇ ਪੁਲਿਸ ਮੁਕਾਬਲੇ ਦੇ ਇੱਕ ਮਾਮਲੇ ਵਿਚ ਦੋ ਸਾਬਕਾ ਪੁਲਿਸ ਮੁਲਜ਼ਮ ਦੋਸ਼ੀ ਪਾਏ ਗਏ ਹਨ। ਲੰਬੇ ਸਮੇਂ ਤੋਂ ਝੂਠੇ ਪੁਲਿਸ ਮੁਕਾਬਲੇ ਦੇ ਚੱਲ ਰਹੇ ਕੇਸ ‘ਚ ਸੀਬੀਆਈ ਅਦਾਲਤ ਮੋਹਾਲੀ ਵਲੋਂ ਅੱਜ ਸਾਬਕਾ ਇੰਸਪੈਕਟਰ ਗੁਰਭਿੰਦਰ ਸਿੰਘ ਤੇ ਏ ਐੱਸ ਆਈ ਪਰਸ਼ੋਤਮ ਸਿੰਘ ਨੂੰ 1992 ਵਿਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਤੇ ਲਖ਼ਵਿੰਦਰ ਸਿੰਘ ਸੁਲਤਾਨਵਿੰਡ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਕੇਸ ਵਿਚ ਦੋਸ਼ੀ ਪਾਇਆ ਗਿਆ ਹੈ। ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੋਸ਼ੀਆਂ ਨੂੰ 4 ਫਰਵਰੀ ਨੂੰ ਸਜਾ ਸੁਣਾਈ ਜਾਵੇਗੀ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਣੀ ਬਾਸਰਕੇ ਦੇ ਫ਼ੌਜੀ ਜਵਾਨ ਬਲਦੇਵ ਸਿੰਘ ਦੇਬਾ ਛੁੱਟੀ ਆਇਆ ਹੋਇਆ ਸੀ ਅਤੇ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਉਸ ਦਾ ਐਨਕਾਊਂਟਰ ਕਰ ਦਿੱਤਾ। ਦੂਜਾ ਮਾਮਲਾ ਵੀ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਹੈ ਜਿਸ ਵਿੱਚ ਕਿਸੇ ਪੁਲਿਸ ਪਾਰਟੀ ਨੇ 16 ਸਾਲ ਦੇ ਨਾਬਾਲਗ ਲਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਮਾਰ ਮੁਕਾਇਆ ਅਤੇ ਬਾਅਦ ਵਿੱਚ ਉਸਦਾ ਪੁਲਿਸ ਮੁਕਾਬਲਾ ਦਿਖਾ ਦਿੱਤਾ। ਲਖਵਿੰਦਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ ਇਸ ਮਾਮਲੇ ਵਿੱਚ ਹੁਣ ਅਦਾਲਤ 4 ਫ਼ਰਵਰੀ ਨੂੰ ਦੋਹਾਂ ਤਤਕਾਲੀ/ਸਾਬਕਾ ਪੁਲਿਸ ਅਧਿਕਾਰੀਆਂ ਲਈ ਸਜ਼ਾ ਦਾ ਫ਼ਰਮਾਨ ਸੁਣਾਏਗੀ।