ਸਾਹਨੇਵਾਲ, 05 ਅਪ੍ਰੈਲ : ਸਾਹਨੇਵਾਲ ਨੇੜੇ ਸੋਸ਼ਲ ਮੀਡੀਆ ਅਕਾਊਂਟ ਲਈ ਫੋਟੋਆਂ ਖਿੱਚਣ ਅਤੇ ਰੀਲ ਸ਼ੂਟ ਕਰਨ ਸਮੇਂ ਦੋ ਭਰਾਵਾਂ ਦੀ ਸੂਏ ਵਿੱਚ ਡੁੱਬਣ ਨਾਲ ਮੌਤ ਹੋ ਗਈ। ਘਟਨਾ ਦੇ ਸਮੇਂ ਮ੍ਰਿਤਕ ਮਸਜਿਦ ਤੋਂ ਨਮਾਜ਼ ਅਦਾ ਕਰਕੇ ਘਰ ਪਰਤ ਰਹੇ ਸਨ। ਦੇਖਣ ਵਾਲਿਆਂ ਮੁਤਾਬਕ ਛੋਟਾ ਲੜਕਾ ਸੂਏ 'ਚ ਡੁੱਬ ਗਿਆ, ਜਦਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪੰਜੇਟਾ ਪਿੰਡ ਦੇ ਮੁਹੰਮਦ ਅਸਦੁੱਲਾ (17) ਅਤੇ ਉਸ ਦੇ ਛੋਟੇ ਭਰਾ ਮੁਹੰਮਦ ਮੰਤੁੱਲਾ (12) ਵਜੋਂ ਹੋਈ ਹੈ। ਲੜਕੇ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਸਨ। ਮ੍ਰਿਤਕਾ ਦੀ ਮਾਂ ਸਮੀਨਾ ਖਾਤੂਨ ਨੇ ਦੱਸਿਆ ਕਿ ਉਹ ਪਿੰਡ ਪੰਜੇਟਾ ਵਿੱਚ ਇੱਕ ਝੌਂਪੜੀ ਵਿੱਚ ਰਹਿੰਦੇ ਹਨ। ਸ਼ੁੱਕਰਵਾਰ ਸਵੇਰੇ ਉਸ ਦੇ ਲੜਕੇ ਨਮਾਜ਼ ਪੜ੍ਹਨ ਲਈ ਨੇੜਲੀ ਮਸਜਿਦ ਗਏ ਸਨ। ਘਰ ਪਰਤਦੇ ਸਮੇਂ ਉਹ ਫੋਟੋਆਂ ਖਿੱਚਣ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕਰਨ ਲਈ ਇੱਕ ਰੀਲ ਸ਼ੂਟ ਕਰਨ ਲਈ ਨਹਿਰ ਦੇ ਕੋਲ ਰੁਕ ਗਏ। ਲੋਕਾਂ ਅਨੁਸਾਰ ਇਸ ਦੌਰਾਨ ਛੋਟਾ ਬੱਚਾ ਮੁਹੰਮਦ ਮੰਤੁਲਾ, ਜੋ ਫੋਟੋਆਂ ਖਿੱਚਣ ਲਈ ਪਾਣੀ ਵਿੱਚ ਗਿਆ ਸੀ। ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਸੰਤੁਲਨ ਗੁਆਉਣ ਤੋਂ ਬਾਅਦ ਉਹ ਡੁੱਬ ਗਿਆ। ਉਸ ਦੇ ਭਰਾ ਨੇ ਉਸ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ ਪਰ ਉਹ ਵੀ ਡੁੱਬ ਗਿਆ। ਥਾਣਾ ਕੂੰਮਕਲਾਂ ਦੇ ਐਸਐਚਓ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਉਨ੍ਹਾਂ ਨੂੰ ਬਚਾਉਣ ਲਈ ਗੋਤਾਖੋਰ ਤਾਇਨਾਤ ਕੀਤੇ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦੋਵਾਂ ਦੀਆਂ ਲਾਸ਼ਾਂ ਨੂੰ ਨਹਿਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਗਿਆ। ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਪੁਲਿਸ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ।