ਕੋਟਕਪੂਰਾ, 5 ਅਪ੍ਰੈਲ : ਕੋਟਕਪੂਰਾ ਦੇ ਨਜ਼ਦੀਕੀ ਪਿੰਡ ਪੰਜਗਰਾਈ ਖੁਰਦ ਨੇੜੇ ਸ਼ੁੱਕਰਵਾਰ ਤੜਕੇ ਟਾਟਾ ਏਸ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ‘ਚ ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕੋਟਕਪੂਰਾ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ। ਹਾਦਸਾ ਵੀਰਵਾਰ-ਸ਼ੁੱਕਰਵਾਰ ਦੀ ਰਾਤ 2 ਵਜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਾਟਾ ਐਸ ਦੋ ਟੁਕੜਿਆਂ ਵਿੱਚ ਵੰਡਿਆ ਗਿਆ। ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ (38), ਲਵਪ੍ਰੀਤ (22), ਕਰਮਜੀਤ ਕੌਰ (36) ਪਤਨੀ ਸੁਰੇਸ਼ ਕੁਮਾਰ, ਕਰਮਜੀਤ ਕੌਰ (35) ਪਤਨੀ ਸੁਖਚੈਨ ਸਿੰਘ ਅਤੇ ਦੀਪਕ ਕੁਮਾਰ (27) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਮੁਕਤਸਰ ਦੇ ਪਿੰਡ ਮਰਾੜ ਦੇ ਰਹਿਣ ਵਾਲੇ ਸਨ। ਜ਼ਖ਼ਮੀਆਂ ਨੇ ਪੁਲੀਸ ਨੂੰ ਦੱਸਿਆ ਕਿ ਬਾਘਾ ਪੁਰਾਣਾ ਦੇ ਪਿੰਡ ਨਿਗਾਹਾ ਵਿੱਚ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਤੋਂ ਬਾਅਦ ਟਾਟਾ ਐਸ ਗੱਡੀ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਪੰਜਗਰਾਈਂ ਖੁਰਦ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਫ਼ਰੀਦਕੋਟ ਐੱਸਐੱਸਪੀ ਹਰਜੀਤ ਸਿੰਘ ਮੁਤਾਬਿਕ ਟਰਾਲਾ ਚਾਲਕ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪਰਿਵਾਰ ਆਰਥਿਕ ਪੱਖੋਂ ਕਮਜੋਰ ਸਨ ਤੇ ਉਹਨਾਂ ਨਾਲ ਬੜਾ ਦੁਖਦਾਇਕ ਹਾਦਸਾ ਵਾਪਰਿਆ ਹੈ। ਜੋ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਨੇ ਮੌਕੇ ’ਤੇ ਪੁੱਜ ਕੇ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ ।