
ਬਟਾਲਾ, 19 ਮਾਰਚ 2025 : ਬਟਾਲਾ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਦਾਦਾ ਅਤੇ ਪੋਤੇ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏਐਸਆਈ ਵਰਿਆਮ ਸਿੰਘ ਨੇ ਦੱਸਿਆ ਕਿ ਸੁਭਾਸ਼ ਚੰਦਰ ਪੁੱਤਰ ਗਿਆਨ ਚੰਦ ਵਾਸੀ ਮੁਹੱਲਾ ਟਾਕੀ ਬਟਾਲਾ ਜਿਸ ਦੀ ਜੈਂਤੀਪੁਰ ਵਿਖੇ ਦੁਕਾਨ ਹੈ। ਦੇਰ ਸ਼ਾਮ ਉਹ ਆਪਣੇ ਪੋਤਰੇ ਪ੍ਰਥਮ (13) ਪੁੱਤਰ ਵਿਨੋਦ ਸਲਹੋਤਰਾ ਨਾਲ ਸਕੂਟਰ 'ਤੇ ਸਵਾਰ ਹੋ ਕੇ ਬਟਾਲਾ ਵੱਲ ਆ ਰਿਹਾ ਸੀ। ਜਦੋਂ ਦਾਦਾ ਅਤੇ ਪੋਤਰਾ ਪਿੰਡ ਹਰਦੋਝੰਡੇ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਟਾਟਾ ਕੰਪਨੀ ਦੀ ਕਾਰ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਨੇ ਸਕੂਟਰ ਸਵਾਰ ਦਾਦੇ ਅਤੇ ਪੋਤਰੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ ਦੀ ਮਦਦ ਨਾਲ ਦੋਵਾਂ ਨੂੰ ਗੰਭੀਰ ਜ਼ਖਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਪੋਤੇ ਪ੍ਰਥਮ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਸੁਭਾਸ਼ ਚੰਦ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਉਕਤ ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਅਣਪਛਾਤੇ ਕਾਰ ਚਾਲਕ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ।