ਚੰਡੀਗੜ੍ਹ 9 ਜੁਲਾਈ 2024 : ਪੰਜਾਬ ਦੇ ਵਿੱਚ ਬੀਜੇਪੀ ਦੇ ਸਿੱਖ ਆਗੂਆਂ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਜਿਨਾਂ ਆਗੂਆਂ ਨੂੰ ਧਮਕੀ ਦਿੱਤੀ ਗਈ ਹੈ ਉਹਨਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਤੇਜਿੰਦਰ ਸਿੰਘ ਸਰਾਂ ਪਰਮਿੰਦਰ ਸਿੰਘ ਬਰਾੜ ਸ਼ਾਮਿਲ ਹਨ। ਆਗੂਆਂ ਨੂੰ ਧਮਕੀ ਦੇ ਨਾਲ ਭਰੇ ਹੋਏ ਇਹ ਪੱਤਰ ਪਾਰਟੀ ਦੇ ਚੰਡੀਗੜ੍ਹ ਦਫਤਰ ਵਿਖੇ ਭੇਜੇ ਗਏ ਹਨ। ਧਮਕੀ ਭਰੇ ਇਹਨਾਂ ਪੱਤਰਾਂ ਦੇ ਵਿੱਚ ਕੁਝ ਜਲਣਸ਼ੀਲ ਪਦਾਰਥ ਵੀ ਮਿਲੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ, ਬੀਜੇਪੀ ਦੇ ਆਗੂਆਂ ਨੂੰ ਇਸ ਤਰ੍ਹਾਂ ਚਿੱਠੀ ਭੇਜ ਕੇ ਧਮਕੀ ਦਿੱਤੀ ਗਈ ਹੋਵੇ। ਬੀਜੇਪੀ ਵੱਲੋਂ ਇਸ ਸੰਬੰਧੀ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹਨਾਂ ਪੱਤਰਾਂ ਦੇ ਵਿੱਚ ਮਿਲੇ ਜਲਣਸ਼ੀਲ ਪਦਾਰਥਾਂ ਨੂੰ ਪੁਲਿਸ ਵੱਲੋਂ ਜਾਂਚ ਲਈ ਭੇਜਿਆ ਗਿਆ ਹੈ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਬੀਜੇਪੀ ਆਗੂ ਬੀਜੇਪੀ ਨੂੰ ਛੱਡ ਦੇਣ ਨਹੀਂ ਤਾਂ ਉਹ ਦੁਨੀਆਂ ਛੱਡਣ ਦੇ ਲਈ ਤਿਆਰ ਰਹਿਣ। ਇਸ ਪੱਤਰ ਦੇ ਵਿੱਚ ਖਾਲਿਸਤਾਨ ਅਤੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਿਖੇ ਹੋਏ ਹਨ। ਬੀਜੇਪੀ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਪਣੀ ਕਿਸਮ ਦਾ ਇਹ ਪਹਿਲਾ ਕੇਸ ਹੈ। ਪਹਿਲਾਂ ਇਸ ਤਰ੍ਹਾਂ ਨਹੀਂ ਹੋਇਆ ਆਗੂਆਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਸਿਆਸੀ ਅਤੇ ਸਮਾਜਿਕ ਮੁੱਦਿਆਂ ਤੇ ਬਿਆਨਬਾਜ਼ੀ ਕਰਦੇ ਆ ਰਹੇ ਹਨ। ਪਰ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਚਿੱਠੀ ਉਹਨਾਂ ਨੂੰ ਨਹੀਂ ਮਿਲੀ। ਇਸ ਚਿੱਠੀ ਦੇ ਵਿੱਚ ਤੇਜਿੰਦਰ ਸਿੰਘ ਸਰਾਂ, ਪਰਮਿੰਦਰ ਸਿੰਘ ਬਰਾੜ ਨੂੰ ਚੇਤਾਵਨੀ ਦਿੰਦਿਆਂ ਲਿਖਿਆ ਹੈ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਚੇਤਾਵਨੀ ਦਿੱਤੀ ਸੀ। ਕਿ ਤੁਸੀਂ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਹਨ ਪਰ ਤੁਸੀਂ ਬੀਜੇਪੀ ਅਤੇ ਆਰ ਐਸ ਐਸ ਨਾਲ ਮਿਲ ਕੇ ਸਿੱਖਾਂ ਦੇ ਨਾਲ ਗੱਦਾਰੀ ਕਰ ਰਹੇ ਹੋ। ਤੁਸੀਂ ਆਰਐਸਐਸ ਨਾਲ ਮਿਲ ਕੇ ਸਿੱਖ ਮਸਲਿਆਂ ਦੇ ਵਿੱਚ ਦਖਲ ਦੇ ਰਹੇ ਹੋ। ਇਸ ਲਈ ਤੁਹਾਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਤੁਸੀਂ ਜਾਂ ਤਾਂ ਬੀਜੇਪੀ ਛੱਡ ਦਿਓ ਜਾਂ ਫਿਰ ਦੁਨੀਆਂ ਛੱਡਣ ਦੇ ਲਈ ਤਿਆਰ ਰਹੋ। ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ, ਤੁਸੀਂ ਸਿੱਖਾਂ ਤੇ ਮੁਸਲਮਾਨਾਂ ਦੇ ਰਿਸ਼ਤੇ ਵਿਗਾੜਨ ਦਾ ਕੰਮ ਕਰ ਰਹੇ ਹੋ। ਬੀਜੇਪੀ ਅਤੇ ਆਰਐਸਐਸ ਤੁਹਾਨੂੰ ਵਰਤ ਕੇ ਬਾਹਰ ਸੁੱਟ ਦੇਵੇਗੀ ਬਹੁਤ ਲੋਕ ਸਿੱਖਾਂ ਅਤੇ ਪੰਜਾਬ ਨੂੰ ਤਬਾਹ ਕਰਨ ਦੇ ਲਈ ਆਏ ਅਤੇ ਭਜਾਏ ਗਏ ਹਨ। ਨਾ ਹੀ ਸਿੱਖ ਅਤੇ ਨਾ ਹੀ ਪੰਜਾਬ ਤਬਾਹ ਹੋ ਸਕਿਆ ਹੈ। ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਜਿਸ ਨੂੰ ਅਸੀਂ ਹੁਣ ਕਲੀਅਰ ਕਰਾਂਗੇ ਅਤੇ ਜਲਦੀ ਹੀ ਤੁਹਾਨੂੰ ਮਿਲਾਂਗੇ। ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।