- ਮੂਸੇਵਾਲਾ ਪੂਰੇ ਪੰਜਾਬ ਦਾ ਪੁੱਤਰ ਸੀ, ਅਸੀਂ ਤੁਹਾਨੂੰ ਇਨਸਾਫ਼ ਦੇਵਾਂਗੇ : ਕੈਬਨਿਟ ਮੰਤਰੀ ਧਾਲੀਵਾਲ
- ਸਮਾਂ ਦੱਸੋ, ਕਿੰਨੇ ਸਮੇਂ 'ਚ ਕਾਰਵਾਈ ਕਰੋਗੇ : ਬਲਕੌਰ ਸਿੰਘ
ਚੰਡੀਗੜ੍ਹ, 7 ਮਾਰਚ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਸਿੱਧੂ ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਦਾ ਕਤਲ ਹੋਏ ਨੂੰ 11 ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਸਾਜਿਸ਼ ਘੜਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਹੁਣ ਇਨਸਾਫ ਦੀ ਕੋਈ ਉਮੀਦ ਦਿਖਾਈ ਨਹੀਂ ਦਿੱਤੀ। ਹੁਣ ਮਜ਼ਬੂਰੀ ਵਿੱਚ ਅੱਜ ਇਥੇ ਧਰਨਾ ਦੇਣਾ ਪਿਆ ਹੈ। ਸਿੱਧੂ ਮਾਪਿਆਂ ਵਾਲਿਆ ਨੇ ਕਿਹਾ ਕਿ ਅਸੀਂ ਸਾਜਿਸ਼ ਰਚਨ ਵਾਲਿਆਂ ਦੇ ਲਿਖਤੀ ਨਾਮ ਵੀ ਦੇ ਚੁੱਕੇ ਹਾਂ, ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਮਾਸਟਰਮਾਈਡ ਉਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਾਂਗਰਸੀ ਵਿਧਾਇਕ ਵੀ ਧਰਨੇ ਉਤੇ ਬੈਠੇ।
ਧਰਨੇ ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਪਹੁੰਚੇ ਕੈਬਨਿਟ ਮੰਤਰੀ ਧਾਲੀਵਾਲ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ। ਦੂਜੇ ਪਾਸੇ ਅੱਜ ਮੰਗਲਵਾਰ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਧਰਨੇ 'ਤੇ ਬੈਠ ਗਏ। ਕਾਂਗਰਸੀ ਵਿਧਾਇਕ ਵੀ ਉਨ੍ਹਾਂ ਨਾਲ ਧਰਨੇ ’ਤੇ ਬੈਠ ਗਏ।ਮਾਪਿਆਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।ਮਾਪਿਆਂ ਦਾ ਕਹਿਣਾ ਹੈ ਕਿ ਹੁਣ ਅਸੀਂ ਨਹੀਂ ਹਿੱਲਾਂਗੇ, ਭਾਵੇਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇ।ਧਰਨੇ ਦੀ ਸੂਚਨਾ ਮਿਲਦੇ ਹੀ ਮੰਤਰੀ ਕੁਲਦੀਪ ਧਾਲੀਵਾਲ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚ ਗਏ। ਧਾਲੀਵਾਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ, ਦੋਸ਼ੀਆਂ ਨੂੰ ਬਾਹਰੋਂ ਲਿਆਂਦਾ ਜਾਵੇਗਾ। ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਮੁੱਖ ਮੰਤਰੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਮੂਸੇਵਾਲਾ ਪੂਰੇ ਪੰਜਾਬ ਦਾ ਪੁੱਤਰ ਸੀ। ਅਸੀਂ ਬਾਦਲਾਂ ਦਾ ਚਲਾਨ ਕੀਤਾ, ਇਸੇ ਤਰ੍ਹਾਂ ਅਸੀਂ ਤੁਹਾਨੂੰ ਇਨਸਾਫ਼ ਦੇਵਾਂਗੇ। ਇਸ 'ਤੇ ਸਿੱਧੂ ਦੇ ਪਿਤਾ ਨੇ ਕਿਹਾ ਕਿ ਸਮਾਂ ਦੱਸੋ, ਕਿੰਨੇ ਸਮੇਂ 'ਚ ਕਾਰਵਾਈ ਕਰੋਗੇ। 18 ਤੋਂ 28 ਫਰਵਰੀ ਤੱਕ ਉਨ੍ਹਾਂ ਨੂੰ ਤਿੰਨ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਕੈਬਨਿਟ ਮੰਤਰੀ ਦੇ ਭਰੋਸਾ ਦੇਣ ਤੋਂ ਬਾਅਦ ਸਿੱਧੂ ਦੇ ਮਾਪਿਆਂ ਨੇ ਧਰਨਾ ਚੁੱਕ ਦਿੱਤਾ। ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਹੁਣ ਇਨਸਾਫ ਦੀ ਕੋਈ ਉਮੀਦ ਦਿਖਾਈ ਨਹੀਂ ਦਿੱਤੀ।