ਅੰਮ੍ਰਿਤਸਰ, 24 ਅਗਸਤ 2024 : ਅੰਮ੍ਰਿਤਸਰ 'ਚ ਘਰ ਅੰਦਰ ਵੜ ਕੇ ਇੱਕ ਐਨਆਰਆਈ ਤੇ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ 7.30 ਵਜੇ 2 ਨੌਜਵਾਨ ਅੰਮ੍ਰਿਤਸਰ ਦੇ ਦਬੁਰਜੀ ਦੇ ਇੱਕ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੇ ਸਾਹਮਣੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਐਨਆਰਆਈ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਉਹ ਅਮਰੀਕਾ ਵਿੱਚ ਰਹਿੰਦਾ ਸੀ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ। ਪੀੜਤ ਸੁਖਚੈਨ ਸਿੰਘ ਆਪਣੇ ਘਰ ਵਿੱਚ ਜਿੰਮ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਉਦੋਂ 2 ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਘਰ ਅੰਦਰ ਵੜ ਗਏ। ਜਿਵੇਂ ਹੀ ਮੁਲਜ਼ਮ ਘਰ ਦੇ ਅੰਦਰ ਵੜੇ ਤਾਂ ਉਹਨਾਂ ਨੇ ਸੁਖਚੈਨ ਤੋਂ ਮਰਸਡੀਜ਼ ਕਾਰ ਦੇ ਕਾਗਜ਼ਾਤ ਦਿਖਾਉਣ ਦੀ ਮੰਗ ਕੀਤੀ। ਜਦੋਂ ਸੁਖਚੈਨ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਹਥਿਆਰ ਦਿਖਾ ਕੇ ਸੁਖਚੈਨ ਸਿੰਘ ਨੂੰ ਅੰਦਰ ਲੈ ਗਏ। ਮੁਲਜ਼ਮ ਨੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ। ਜਿਸ ਵਿੱਚੋਂ 2 ਗੋਲੀਆਂ ਸੁਖਚੈਨ ਸਿੰਘ ਨੂੰ ਲੱਗੀਆਂ। ਮੁਲਜ਼ਮ ਸੁਖਚੈਨ ’ਤੇ ਹੋਰ ਗੋਲੀਆਂ ਚਲਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਹਥਿਆਰ ਫਟ ਗਿਆ। ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਸੁਖਚੈਨ ਨੂੰ ਤੁਰੰਤ ਹਸਪਤਾਲ ਲੈ ਆਏ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੁਖਚੈਨ ਦੀ ਪਤਨੀ ਨੇ ਦੱਸਿਆ ਕਿ ਉਹ ਉਸ ਦੀ ਦੂਜੀ ਪਤਨੀ ਹੈ ਅਤੇ ਉਸ ਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। ਦੱਸ ਦਈਏ ਕਿ ਸੁਖਚੈਨ ਅਮਰੀਕਾ ਰਹਿੰਦਾ ਸੀ। ਅਮਰੀਕਾ ਵਿੱਚ ਉਸਦਾ ਇੱਕ ਭਰਾ ਹੈ। ਪਰ ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਉਹ ਬੱਚਿਆਂ ਦੀ ਦੇਖਭਾਲ ਲਈ ਲਗਭਗ ਇੱਕ ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਸੀ। ਇਸ ਦੌਰਾਨ ਉਹ ਕੰਮ ਲਈ ਕਈ ਵਾਰ ਅਮਰੀਕਾ ਗਿਆ। ਪਰਿਵਾਰਕ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਦਾ ਆਪਣੀ ਪਹਿਲੀ ਪਤਨੀ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਉਸ ਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਮਾਮੇ ਵੱਲੋਂ ਐਫਆਈਆਰ ਵੀ ਦਰਜ ਕਰਵਾਈ ਗਈ ਅਤੇ ਮਾਮਲਾ ਅਦਾਲਤ ਵਿੱਚ ਚਲਾ ਗਿਆ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਸੁਖਚੈਨ ਨਾਲ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।
ਪੰਜਾਬ ਦੇ ਅੱਜ ਦੇ ਹਾਲਾਤ ਦੇਖ ਬਹੁਤ ਦੁੱਖੀ ਹਾਂ : ਸੁਖਬੀਰ ਸਿੰਘ ਬਾਦਲ
ਪੰਜਾਬ ਵਿੱਚ ਅਮਨ ਕਾਨੂੰਨ ਦੀ ਬਿਲਕੁਲ ਵਿਗੜ ਚੁੱਕੀ ਹੈ, ਪੰਜਾਬ ਦੇ ਅੱਜ ਦੇ ਹਾਲਾਤ ਦੇਖ ਬਹੁਤ ਦੁੱਖੀ ਹਾਂ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋਸ਼ਲ ਮੀਡੀਆਂ 'ਤੇ ਸ਼ੇਅਰ ਕਰਕੇ ਕੀਤਾ। ਉਨ੍ਹਾਂ ਲਿਖਿਆ ਕਿ ਅੱਜ ਸਵੇਰੇ ਦਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਵੀਰ ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਹਨ ਪਰ ਨਿਰਦਈ ਬਦਮਾਸ਼ਾਂ ਨੇ ਇੱਕ ਨਹੀਂ ਸੁਣੀ। ਮੁੱਖ ਮੰਤਰੀ ਭਗਵੰਤ ਮਾਨਤੁਹਾਡੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਹਰ ਦਿਨ ਹੋ ਰਹੀਆਂ ਹਨ,ਪੰਜਾਬੀ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ, ਮੈਂ ਸਮਝਦਾ ਹਾਂ ਕਿ ਤੁਹਾਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਬੁਰੀ ਤਰ੍ਹਾਂ ਜਖਮੀ ਜੇਰੇ ਇਲਾਜ ਸੁਖਚੈਨ ਸਿੰਘ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।
ਵਿਰੋਧੀ ਧਿਰ ਪਰਿਵਾਰਕ ਝਗੜੇ 'ਤੇ ਕਰ ਰਹੀ ਰਾਜਨੀਤੀ : ਨੀਲ ਗਰਗ
ਅੰਮ੍ਰਿਤਸਰ ਐਨ.ਆਰ.ਆਈ. ਗੋਲੀ ਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ ਹੈ। ਪਾਰਟੀ ਨੇ ਕਿਹਾ ਕਿ ਵਿਰੋਧੀ ਧਿਰ ਪਰਿਵਾਰਕ ਝਗੜੇ ਨੂੰ ਲੈ ਕੇ ਵੀ ਰਾਜਨੀਤੀ ਕਰ ਰਿਹਾ ਹੈ ਅਤੇ ਇਸ ਘਟਨਾ ਨੂੰ ਜਾਣਬੁੱਝ ਕੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੋੜਿਆ ਜਾ ਰਿਹਾ ਹੈ। 'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਐਨ.ਆਰ.ਆਈ. ਵਿਅਕਤੀ ਦੇ ਪਰਿਵਾਰ ਨੇ ਬਿਆਨ ਦਿੱਤਾ ਹੈ ਕਿ ਉਸ 'ਤੇ ਉਸ ਦੀ ਸਾਬਕਾ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕੀਤਾ ਸੀ। ਇਹ ਪੂਰੀ ਤਰ੍ਹਾਂ ਪਰਿਵਾਰਕ ਮਾਮਲਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਵਿਰੋਧੀ ਧਿਰ ਦੇ ਕਈ ਆਗੂ ਇਸ 'ਤੇ ਸਿਆਸਤ ਕਰ ਰਹੇ ਹਨ। ਨੀਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਡੀਜੀਪੀ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਪੁਲਿਸ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਕਰ ਰਹੀ ਹੈ। ਗਰਗ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਸਰਕਾਰ ਵੇਲੇ ਅੰਮ੍ਰਿਤਸਰ 'ਚ ਇਕ ਏ.ਐੱਸ.ਆਈ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਹੋਏ ਸ਼ਹੀਦ ਹੋ ਗਿਆ ਸੀ। ਛੇੜਛਾੜ ਕਰਨ ਵਾਲੇ ਅਕਾਲੀ ਦਲ ਦੇ ਹੀ ਗੁੰਡੇ ਸਨ। ਉਨ੍ਹਾਂ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਹਾਲ ਹੀ ਵਿੱਚ ਹਰਿਆਣਾ ਵਿੱਚ ਇੱਕ ਮੌਜੂਦਾ ਵਿਧਾਇਕ ਨੂੰ ਗੋਲੀ ਮਾਰ ਦਿੱਤੀ ਗਈ। ਯੂਪੀ ਦੇ ਰਾਏਬਰੇਲੀ ਵਿੱਚ ਇੱਕ ਦਲਿਤ ਵਿਅਕਤੀ ਨੂੰ ਮਜ਼ਦੂਰੀ ਮੰਗਣ 'ਤੇ ਤਸ਼ੱਦਦ ਕੀਤਾ ਗਿਆ। ਭਾਜਪਾ ਨੇਤਾਵਾਂ ਨੇ ਇਸ ਮਾਮਲੇ 'ਤੇ ਕਿਉਂ ਕੁਝ ਨਹੀਂ ਕਿਹਾ? ਗਰਗ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਭਾਜਪਾ ਸ਼ਾਸਤ ਅਤੇ ਹੋਰ ਗੁਆਂਢੀ ਰਾਜਾਂ ਦੇ ਮੁਕਾਬਲੇ ਬਹੁਤ ਵਧੀਆ ਹੈ। ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵੀ ਮਾਨ ਸਰਕਾਰ ਦੇ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਫੀ ਬਿਹਤਰ ਹੈ। ਵਿਰੋਧੀ ਧਿਰ ਦਾ ਮਕਸਦ ਸਿਰਫ ਬਦਨਾਮ ਕਰਨਾ ਹੈ।