- ਮਾਨ ਸਰਕਾਰ ਸੂਬੇ ਵਿਚ ਅਮਨ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਥਾਂ ਦੇਸ਼ ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਸੁਖਦੇਵ ਸਿੰਘ ਢੀਂਡਸਾ
- ਬੇਦੋਸ਼ੇ ਸਿੱਖਾਂ `ਤੇ ਐਨਐਸਏ ਵਰਗੇ ਸਖ਼ਤ ਕਾਨੂੰਨ ਤਹਿਤ ਕਾਰਵਾਈ ਬਿਲਕੁਲ ਗਲਤ: ਬੀਬੀ ਜਗੀਰ ਕੌਰ
ਚੰਡੀਗੜ੍ਹ, 25 ਮਾਰਚ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਤੋਂ ਵਾਪਰ ਰਹੇ ਘਟਨਾਕ੍ਰਮ ਅਤੇ ਸੂਬੇ ਵਿਚ ਬਣੇ ਤਣਾਅਪੂਰਨ ਹਾਲਾਤ `ਤੇ ਆਪਣੀ ਚਿੰਤਾ ਪ੍ਰਗਟ ਕੀਤੀ। ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਅਤੇ ਸ: ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ। ਇਸ ਦੌਰਾਨ ਵਫ਼ਦੇ ਵੱਲੋਂ ਰਾਜਪਾਲ ਨੂੰ ਇਕ ਮੈਮੋਰੰਡਮ ਵੀ ਸੌਂਪਿਆ ਗਿਆ। ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸੰਗੀਨ ਝੂਠੇ ਕੇਸਾਂ ਵਿੱਚ ਫਸਾਏ ਗਏ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਪੰਜਾਬ ਰਾਜਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਇਸ ਵਕਤ ਬੇਹੱਦ ਨਾਜ਼ੁਕ ਘੜੀ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬ ਸਰਕਾਰ ਆਪਣੀਆਂ ਦਮਨਕਾਰੀ ਨੀਤੀਆਂ ਨਾਲ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਸਿਰਫ਼ ਸ਼ੱਕ ਦੇ ਅਧਾਰ `ਤੇ ਕੇਸਾਂ ਵਿਚ ਫਸਾ ਅਤੇ ਗ੍ਰਿਫ਼ਤਾਰ ਕਰਕੇ ਗੈਰ-ਸੰਵਿਧਾਨਕ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਸੂਬੇ ਦੇ ਵਿਗੜ ਰਹੇ ਹਾਲਾਤ ਨੂੰ ਸੁਧਾਰਣ ਲਈ ਪੰਜਾਬ ਦੇ ਰਾਜਪਾਲ ਨੂੰ ਮੁਲਾਕਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਜਪਾਲ ਨੂੰ ਇਕ ਮੈਮੋਰੰਡਮ ਸੌਂਪਕੇ ਪੰਜਾਬ ਸਰਕਾਰ ਵਲੋਂ ਝੂਠੇ ਕੇਸਾਂ ਵਿਚ ਫਸਾਏ ਗਏ ਮਾਸੂਮ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਅਮਨ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਥਾਂ ਇਹ ਸਰਕਾਰ ਉਲਟਾ ਦੇਸ਼ ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਅਮਨ ਕਾਨੂੰਨ ਕਾਇਮ ਰੱਖਣ ਦੇ ਬਹਾਨੇ ਸਰਕਾਰ ਅਪਣੀ ਦਮਨਕਾਰੀ ਨੀਤੀਆਂ ਲਾਗੂ ਕਰਕੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਸੰਗੀਨ ਝੂਠੇ ਮੁਕੱਦਿਆਂ ਵਿਚ ਫਸਾ ਰਹੀ ਹੈ। ਜਿਸ `ਤੇ ਤਰੁੰਤ ਰੋਕ ਲਗਾਉਣ ਦੀ ਲੋੜ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਵਿਚ ਵਾਪਰ ਰਿਹਾ ਘਟਨਾਕ੍ਰਮ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਪੰਜਾਬ ਸਰਕਾਰ ਦੇ ਗਲਤ ਵਤੀਰੇ ਅਤੇ ਕਾਰਗੁਜ਼ਾਰੀ ਨਾਲ ਸੂਬੇ ਦੀ ਸਥਿਤੀ ਬੇਹੱਦ ਨਾਜ਼ੂਕ ਮੋੜ `ਤੇ ਖੜ੍ਹੀ ਹੈ। ਸਰਕਾਰ ਵੱਲੋਂ ਸਥਿਤੀ ਨਾਲ ਸਮੇਂ ਸਿਰ ਅਤੇ ਸੂਝ-ਬੂਝ ਨਾਲ ਨਜਿੱਠਣ ਦੇ ਬਜਾਏ ਮਾਹੌਲ ਨੂੰ ਹੋਰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿੱਖ ਨੌਜਵਾਨਾਂ `ਤੇ ਸੰਗੀਨ ਝੂਠੇ ਕੇਸ ਦਰਜ ਕਰਕੇ ਆਸਾਮ ਭੇਜਿਆ ਗਿਆ ਹੈ, ਉਨ੍ਹਾਂ ਦਾ ਕੋਈ ਵੀ ਅਪਰਾਧਕ ਪਿਛੋਕੜ ਨਹੀ ਹੈ। ਅਜਿਹੇ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ `ਤੇ ਐਨਐਸਏ ਵਰਗੇ ਸਖ਼ਤ ਕਾਨੂੰਨ ਤਹਿਤ ਕੀਤੀ ਗਈ ਕਾਰਵਾਈ ਬਿਲਕੁਲ ਗਲਤ ਹੈ। ਬੀਬੀ ਜਗੀਰ ਕੌਰ ਨੇ ਆਸਾਮ ਜੇਲ੍ਹ ਵਿਚ ਭੇਜੇ ਗਏ ਸਿੱਖਾਂ ਨੂੰ ਤੁਰੰਤ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਅਤੇ ਧਾਰਮਿਕ ਸਦਭਾਵਨਾ ਨੂੰ ਕਾਇਮ ਰੱਖਣ ਵਿਚ ਪੂਰੀ ਫੇਲ੍ਹ ਸਾਬਿਤ ਹੋਈ ਹੈ।