ਸ਼ਹਿਣਾ 'ਚ ਫਿਲਮੀ ਡਰਾਮਾ ਬਣੀ ਲੜਾਈ, ਘਰੇਲੂ ਕਲੇਸ਼ 'ਚ ਨੂੰਹ ਟਾਵਰ 'ਤੇ ਚੜ੍ਹੀ, ਸੱਸ ਹਮਾਇਤੀ ਟੈਂਕੀ 'ਤੇ ਚੜ੍ਹੇ

ਸ਼ਹਿਣਾ, 22 ਅਕਤੂਬਰ 2024 : ਜ਼ਿਲ੍ਹਾ ਬਰਨਾਲਾ ਦੇ ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿੱਚ ਸੱਸ-ਨੂੰਹ ਦੇ ਕਲੇਸ਼ ਵਿੱਚ ਸੱਸ ਵਾਟਰ ਵਰਕਸ ਦੀ ਟੈਂਕੀ ਅਤੇ ਨੂੰਹ ਟਾਵਰ ਉਤੇ ਚੜ੍ਹ ਗਈ। ਜਿਸ ਕਾਰਨ ਸੱਸ ਧਿਰ ਨਾਲ ਖੜ੍ਹੇ 35-40 ਲੋਕ ਵਾਟਰ ਵਰਕਸ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਜਦਕਿ ਦੂਜੇ ਪਾਸੇ ਨੂੰਹ ਆਪਣੇ ਪੁੱਤ ਨਾਲ ਅਨਾਜ ਮੰਡੀ 'ਚ ਲੱਗੇ ਬਿਜਲੀ ਦੇ ਟਾਵਰ 'ਤੇ ਚੜ੍ਹੀ ਗਈ। ਉਥੇ ਹੀ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਗਾਇਆ ਹੈ। ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿਖੇ ਦਿਨ ਚੜ੍ਹਦੇ ਹੀ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਜਦ ਨੂੰਹ ਸੱਸ ਦਾ ਕਲੇਸ਼ ਵਾਟਰ ਵਰਕਸ਼ ਦੀ ਟੈਂਕੀ 'ਤੇ ਜਾ ਪਹੁੰਚਿਆ। ਇਸ ਸਬੰਧੀ ਜਾਣਕਾਰੀ ਮੁਤਾਬਿਕ ਨੂੰਹ ਸੱਸ ਦੇ ਕਲੇਸ਼ 'ਚ ਨੂੰਹ ਨੇ ਥਾਣੇ ਸ਼ਿਕਾਇਤ ਦਿੱਤੀ ਸੀ। ‌ਘਰੇਲੂ ਰੌਲੇ ਸਬੰਧੀ ਸ਼ਹਿਣਾ ਪੁਲਿਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਜਿਸ ਦੇ ਵਿਰੋਧ 'ਤੇ ਸੱਸ ਪੱਖ 'ਚ ਆਏ ਲੋਕ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਅਤੇ ਮੰਗ ਕੀਤੀ ਕਿ ਸੱਸ ਨਾਲ ਕੁੱਟਮਾਰ ਹੋਈ 'ਤੇ ਉਲਟਾ ਪੁਲਿਸ ਸਾਡੇ ਬੰਦਿਆਂ ਨੂੰ ਲੈ ਗਈ। ਜਦਕਿ ਸਾਡਾ ਦੋਹਾਂ ਧਿਰਾਂ ਦੇ ਰੌਲੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਾ ਕਹਿਣਾ ਕਿ ਸਿਆਸੀ ਬਦਲਾਖੋਰੀ 'ਚ ਸਾਨੂੰ ਇਸ ਮਾਮਲੇ ਨਾਲ ਜੋੜਿਆ ਗਿਆ ਤੇ ਸਾਨੂੰ ਥਾਣੇ ਲਿਜਾ ਜ਼ਲੀਲ ਕੀਤਾ ਗਿਆ। ਇਸ ਦੇ ਵਿਰੋਧ 'ਚ ਉਹ 35-40 ਲੋਕ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ। ਉਨ੍ਹਾਂ ਦਾ ਕਹਿਣਾ ਕਿ ਜਿੰਨਾ ਸਮਾਂ ਸਾਡੇ ਬੰਦੇ ਨੀਂ ਛੱਡੇ ਜਾਂਦੇ ਤੇ ਇਨਸਾਫ਼ ਨਹੀਂ ਮਿਲਦਾ ਅਸੀਂ ਹੇਠਾਂ ਨਹੀਂ ਆਵਾਂਗੇ। ਦੂਸਰੇ ਪਾਸੇ ਇਸ ਮਾਮਲੇ ਨੂੰ ਲੈਕੇ ਨੂੰਹ ਬਬਲੀ ਕੌਰ ਵੀ ਅਨਾਜ ਮੰਡੀ 'ਚ ਲੱਗੇ ਟਾਵਰ 'ਤੇ ਚੜ੍ਹ ਗਈ। ਉਸ ਨੇ ਆਖਿਆ ਕਿ ਸਾਡੇ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਸਾਡੇ ਖਿਲਾਫ਼ ਧੱਕੇਸ਼ਾਹੀ ਕਰਵਾਈ ਜਾ ਰਹੀ। ਸਾਡੇ ਨਾਲ ਕੁੱਟਮਾਰ ਵੀ ਹੋਈ ਹੈ। ਜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਅਸੀਂ ਵੀ ਹੇਠਾਂ ਨਹੀਂ ਉਤਰਾਂਗੇ। ਇਸ ਮੌਕੇ 'ਤੇ ਸ਼ਹਿਣਾ ਪੁਲਿਸ ਮੌਜੂਦ ਰਹੀ ਅਤੇ ਦੋਵੇੱ ਧਿਰਾਂ ਨੂੰ ਹੇਠਾਂ ਲਾਹੁਣ ਲਈ ਯਤਨ ਕਰਦੀ ਰਹੀ। ਇਸ ਮੌਕੇ ਐਸਐਚਓ ਸ਼ਹਿਣਾ ਨੇ ਆਖਿਆ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਜਾਰੀ ਹੈ ਤੇ ਸ਼ਾਮ ਨੂੰ ਥਾਣੇ ਸੱਦ ਕੇ ਨਿਬੇੜਾ ਕਰਵਾ ਦਿੱਤਾ ਜਾਵੇਗਾ।