ਸੰਗਰੂਰ : ਅੱਜ ਤੋਂ ਸੰਗਰੂਰ ਸ਼ਹਿਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ’ਚ ਖੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ ਪਰਤਣ ਜਾ ਰਹੀ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਵੱਲੋਂ ਪੰਜਾਬ ਭਰ ਦੇ ਲੋਕਾਂ ਨੂੰ ਮੇਲੇ ਵਿੱਚ ਆਉਣ ਲਈ ਨਿੱਘੀ ਅਪੀਲ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਾਰਸ ਮੇਲਾ ਸੰਗਰੂਰ 2022 ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਜੋ ਮੇਲੇ ਵਿਚ ਆਉਣ ਵਾਲੇ ਲੋਕ ਆਸਾਨੀ ਨਾਲ ਪਹੁੰਚ ਕੇ ਮੇਲੇ ਦਾ ਆਨੰਦ ਲੈ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 17 ਅਕਤੂਬਰ ਤੱਕ ਲੱਗਣ ਵਾਲੇ ਇਸ ਸਰਸ ਮੇਲੇ ਵਿਚ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਿਲਪਕਾਰਾਂ, ਕਲਾਕਾਰਾਂ ਵੱਲੋਂ ਆਪਣੀਆਂ ਕਲਾਕ੍ਰਿਤਾਂ ਦੀਆਂ ਸਟਾਲਾਂ ਲਗਾਈਆਂ ਜਾਣਗੀਆਂ ਜਿੱਥੋਂ ਜ਼ਿਲੇ ਦੇ ਲੋਕ ਇਨਾਂ ਕਲਾਕ੍ਰਿਤਾਂ ਨੂੰ ਵੇਖ ਤੇ ਖ਼ਰੀਦ ਸਕਦੇ ਹਨ। ਉਨਾਂ ਦੱਸਿਆ ਕਿ ਸਾਰਸ ਮੇਲੇ ਦੌਰਾਨ ਵੱਖ-ਵੱਖ ਰਾਜਾਂ ਦੇ ਅਲੱਗ ਅਲੱਗ ਪਕਵਾਨਾਂ ਦਾ ਅਨੰਦ ਵੀ ਪੰਜਾਬ ਵਾਸੀ ਮਾਣ ਸਕਣਗੇ ਅਤੇ ਕੁਦਰਤੀ ਸੁੰਦਰਤਾ ਦੇ ਅਨੂਠੇ ਉਤਪਾਦ ਤੇ ਘਰ ਦੀ ਸਜਾਵਟ ਦੀਆਂ ਆਕਰਸ਼ਕ ਵਸਤਾਂ ਖਰੀਦ ਸਕਣਗੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ 8 ਅਕਤੂਬਰ ਤੋਂ 16 ਅਕਤੂਬਰ ਤੱਕ ‘ਹਰ ਨਾਈਟ ਸਟਾਰ ਨਾਈਟ’ ਹੋਵੇਗੀ, ਜਿਸ ਤਹਿਤ ਭਲਕੇ 8 ਅਕਤੂਬਰ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਆਪਣੀ ਗਾਇਕੀ ਦੇ ਰੰਗ ਬਿਖੇਰਨਗੇ। ਡਿਪਟੀ ਕਮਿਸ਼ਨਰ ਨੇ ਪੰਜਾਬ ਭਰ ਤੇ ਜ਼ਿਲਾ ਵਾਸੀਆਂ ਨੂੰ ਸਾਰਸ ਮੇਲੇ ਵਿੱਚ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਸਾਰਸ ਮੇਲੇ ‘ਚ ਪਹੁੰਚ ਕੇ ਵੱਖ-ਵੱਖ ਵੰਨਗੀਆਂ ਦਾ ਆਨੰਦ ਮਾਣਨ। ਉਨਾਂ ਕਿਹਾ ਕਿ ਜਿੱਥੇ ਦਸਤਕਾਰ ਆਪਣੇ ਹੱਥੀ ਤਿਆਰ ਕੀਤੇ ਸਮਾਨ ਨੂੰ ਲੋਕਾਂ ਸਾਹਮਣੇ ਪੇਸ਼ ਕਰਨਗੇ ਉਥੇ, ਬੱਚਿਆਂ ਲਈ ਵੱਖ-ਵੱਖ ਤਰਾਂ ਦੀਆਂ ਮਨੋਰੰਜਕ ਪੇਸ਼ਕਾਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ’ਚ ਲੋਕ ਪੰਜਾਬ ਸਮੇਤ ਦੂਜੇ ਸੂਬਿਆਂ ਦੇ ਵੱਖ-ਵੱਖ ਰਵਾਇਤੀ ਪਕਵਾਨਾਂ ਦਾ ਆਨੰਦ ਵੀ ਮਾਣ ਸਕਣਗੇ। ਉਨ੍ਹਾਂ ਦੱਸਿਆ ਕਿ ਮੇਲੇ ‘ਚ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ, ਹਰਿਆਣਾ ਦੀਆਂ ਜਲੇਬੀਆਂ, ਸਿੱਕਮ ਦਾ ਚਾਇਨੀਜ਼ ਖਾਣਾ, ਬਿਹਾਰ ਦਾ ਰਵਾਇਤੀ ਖਾਣਾ, ਦਿੱਲੀ ਦੀ ਸੁਪਰ ਸੋਫਟੀ ਤੇ ਰਾਜਸਥਾਨੀ ਖਾਣੇ ਦੇ ਨਾਲ-ਨਾਲ ਮਾਰਵਾੜੀ ਕੁਲਫ਼ੀ ਸਵਾਦੀ ਖਾਣਿਆਂ ਵਜੋਂ ਉਪਲਬਧ ਹੋਵੇਗੀ।