ਪੁਲਿਸ ਨੇ ਲਾਡੋਵਾਲ ਟੋਲ ਪਲਾਜ਼ਾ ਮੁੜ ਕਰਵਾਇਆ ਚਾਲੂ, ਹਿਰਾਸਤ 'ਚ ਲਏ ਕਿਸਾਨ 

ਲੁਧਿਆਣਾ, 31 ਜੁਲਾਈ 2024 : ਲਾਡੋਵਾਲ ਟੋਲ ਪਲਾਜ਼ਾ ‘ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ ਵੱਲੋ ਪਲਾਜ਼ਾ ਮੁੜ ਤੋਂ ਚਾਲੂ ਕਰਵਾ ਦਿੱਤਾ ਗਿਆ ਹੈ। ਪਲਾਜ਼ਾ ‘ਤੇ ਮੁੜ ਤੋਂ ਫੀਸ ਕੱਟੀ ਜਾਣ ਲੱਗੀ ਹੈ। ਧਰਨੇ ‘ਤੇ ਮੌਜੂਦ ਕਿਸਾਨ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ‘ਚ ਲੈ ਲਿਆ ਗਿਆ ਹੈ। ਮੌਕੇ ਨੇ ਕਿਸਾਨ ਆਗੂਆਂ ਨੇ ਇਲਜ਼ਾਮ ਲਗਾਏ ਨੇ ਕਿ ਕਿਸਾਨਾਂ ਨਾਲ ਇਸ ਸੰਬੰਧ ਵਿਚ ਕੋਈ ਗੱਲਬਾਤ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ ਅਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਜਿਸ ਤੋਂ ਬਾਅਦ ਸਰਕਾਰ ਨੇ ਚਾਰ ਹਫਤਿਆਂ ਦਾ ਹਾਈਕੋਰਟ ਤੋਂ ਸਮਾਂ ਮੰਗਿਆ ਅਤੇ ਅੱਜ ਸਵੇਰੇ 8 ਵਜੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਵੱਲੋਂ ਪਹੁੰਚ ਕੇ ਇਸ ਟੋਲ ਪਲਾਜ਼ਾ ਨੂੰ ਮੁੜ ਤੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਅਪੀਲ ਵੀ ਕੀਤੀ ਸੀ ਕਿ ਲੋਕ ਵੱਡੀ ਗਿਣਤੀ 'ਚ ਸਵੇਰੇ 8 ਵਜੇ ਇਕੱਠੇ ਹੋਣ ਕਿਉਂਕਿ ਪ੍ਰਸ਼ਾਸਨ ਇਸ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਪਰ ਹਾਈਕੋਰਟ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਪ੍ਰਸ਼ਾਸਨ ਨੇ ਇਸ ਟੋਲ ਪਲਾਜ਼ਾ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੇ ਬੀਤੇ ਦਿਨ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵੱਧ ਤੋਂ ਵੱਧ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚਣ। ਉਹਨਾਂ ਕਿਹਾ ਕਿ ਪ੍ਰਸ਼ਾਸਨ ਇਸ ਨੂੰ ਮੁੜ ਤੋਂ ਖੋਲ੍ਹ ਰਿਹਾ ਹੈ। ਡੇਢ ਮਹੀਨੇ ਤੋਂ ਇਹ ਟੋਲ ਪਲਾਜ਼ਾ ਬੰਦ ਹੋਣ ਕਰਕੇ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਸੀ ਪਰ ਅੱਜ ਤੋਂ ਮੁੜ ਇੱਥੇ ਟੋਲ ਟੈਕਸ ਅਦਾ ਕਰਨਾ ਹੋਵੇਗਾ। ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂਆਂ ਨੇ ਹਾਈਕੋਰਟ ਦਾ ਰੁੱਖ ਵੀ ਕੀਤਾ ਸੀ ਅਤੇ ਖੁਦ ਨੂੰ ਪਾਰਟੀ ਬਣਾਉਣ ਲਈ ਅਪੀਲ ਕੀਤੀ ਸੀ ਪਰ ਹਾਈਕੋਰਟ ਨੇ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ ਅਤੇ ਉਹਨਾਂ ਨੂੰ ਨਵੀਂ ਪਟੀਸ਼ਨ ਦਾਇਰ ਕਰਨ ਲਈ ਕਿਹਾ ਸੀ। ਕਾਬਿਲੇਗੌਰ ਹੈ ਕਿ ਇਸ ਟੋਲ ਪਲਾਜ਼ਾ 'ਤੇ ਕਾਰ ਦਾ ਇੱਕ ਪਾਸੇ ਦਾ ਕਿਰਾਇਆ 230 ਰੁਪਏ ਹੈ ਅਤੇ ਵੱਡੇ ਵਹਾਨਾਂ ਦਾ ਕਿਰਾਇਆ ਹੋਰ ਵੀ ਜਿਆਦਾ ਹੈ। ਜਿਸ ਦਾ ਲਗਾਤਾਰ ਟੈਕਸੀ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਉਧਰ ਦੂਜੇ ਪਾਸੇ ਮੌਕੇ 'ਤੇ ਮੌਜੂਦ ਲੁਧਿਆਣਾ ਪੁਲਿਸ ਦੇ ਸੀਨੀਅਰ ਅਫ਼ਸਰ ਸ਼ੁਭ ਅਗਰਵਾਲ ਨੇ ਕਿਹਾ ਕਿ ਟੋਲ ਪਲਾਜ਼ਾ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਘਨ ਇਸ ਵਿੱਚ ਨਹੀਂ ਪੈ ਰਿਹਾ। ਉਹਨਾਂ ਦੱਸਿਆ ਕਿ ਜਿੱਥੇ ਉਹਨਾਂ ਦੀ ਡਿਊਟੀ ਹੈ, ਕਿਸੇ ਨੂੰ ਵੀ ਕੋਈ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਟੋਲ ਪਲਾਜ਼ਾ ਖੁਲਵਾ ਲਿਆ ਗਿਆ ਅਤੇ ਇਸ ਦਾ ਵਿਰੋਧ ਕਰਨ ਵਾਲੇ ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਮੌਕੇ ਤੋਂ ਕਿਤੇ ਦੂਰ ਲੈ ਜਾਇਆ ਗਿਆ ਹੈ। ਜਿਸ ਨੂੰ ਲੈ ਕੇ ਕਿਸਾਨ ਆਗੂ ਨੇ ਕਿਹਾ ਪੁਲਿਸ ਉਹਨਾਂ ਨਾਲ ਧੱਕਾ ਕਰ ਰਹੀ ਹੈ।