- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਿਨਾਂ ਤੋਂ ਫੋਰਟਿਸ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ।
- ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਲਏ ਆਖਰੀ ਸਾਹ
- 27 ਅਪ੍ਰੈਲ ਨੂੰ ਪਿੰਡ ਬਾਦਲ 'ਚ ਹੋਵੇਗਾ ਸੰਸਕਾਰ
ਚੰਡੀਗੜ੍ਹ, 25 ਅਪ੍ਰੈਲ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ, ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਆਖਰੀ ਸਾਹ ਲਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਿਨਾਂ ਤੋਂ ਫੋਰਟਿਸ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ 95 ਸਾਲਾ ਬਾਦਲ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਪ੍ਰਕਾਸ਼ ਸਿੰਘ ਬਾਦਲ ਦਾ ਮੁੱਢਲਾ ਜੀਵਨ
ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਬੁਲ ਖੁਰਾਣਾ ਵਿੱਚ ਹੋਇਆ। ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਉਹ ਪਹਿਲਾਂ ਇਸ ਪਦ ਉੱਤੇ 1970 ਵਲੋਂ 1971 ਤੱਕ, 1977 ਵਲੋਂ 1980 ਤੱਕ, 1997 ਵਲੋਂ 2002 ਤੱਕ ਅਤੇ 2007 ਵਲੋਂ 2017 ਤੱਕ ਰਹਿ ਚੁੱਕੇ ਹਨ। ਉਹ ਇੱਕ ਸਿੱਖ ਕੇਂਦਰਿਤ ਪੰਜਾਬੀ ਖੇਤਰੀ ਰਾਜਨੀਤਕ ਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹਨ। ਉਹ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦੇ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ, ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇੱਕ ਮਜ਼ਬੂਤ ਪ੍ਰਭਾਵ ਹੈ। ਉਹ ਆਮ ਤੌਰ ਉੱਤੇ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਾਅਦ ਦੂਜਾ ਸਭ ਤੋਂ ਸ਼ਕਤੀਸ਼ਾਲੀ ਸਿੱਖ ਨੇਤਾ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੇ 1947 ਵਿੱਚ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦਾ ਸਰਪੰਚ ਅਤੇ ਬਾਅਦ ਨੂੰ ਬਲਾਕ ਸੰਮਤੀ, ਲੰਬੀ ਦਾ ਚੇਅਰਮੈਨ ਰਹੇ ਸਨ। ਐਫ.ਸੀ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕਾਰਨ ਤੋਂ ਬਾਅਦ ਉਹ ਵਕੀਲ ਬਣਨਾ ਚਾਹੁੰਦਾ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਲ.ਐਲ.ਬੀ ਵਿੱਚ ਦਾਖ਼ਲਾ ਤਾਂ ਲਿਆ, ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਨਾਲ ਸਿਆਸੀ ਤੌਰ 'ਤੇ ਸਰਗਰਮ ਹੋ ਗਿਆ। 1957 ਵਿੱਚ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ। ਫਿਰ 1969 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ ਦਲ ਤੇ ਜਨਸੰਘ ਦੀ ਕੁਲੀਸ਼ਨ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਰਹੇ । ਉਹਨਾਂ ਨੂੰ ਆਮ ਤੌਰ 'ਤੇ ਮੀਡੀਆ ਤੇ ਲੋਕ ਵੱਡੇ ਬਾਦਲ ਵਜੋਂ ਜਾਣਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਨੂੰ ਦਰਪੇਸ਼ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ।
ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਇਕ ਰਹੇ
ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਇਕ (1 ਵਾਰ ਮਲੋਟ ਅਤੇ 5-5 ਵਾਰ ਗਿੱਦੜਬਾਹਾ ਅਤੇ ਲੰਬੀ ਤੋਂ), 5 ਵਾਰ ਮੁੱਖ ਮੰਤਰੀ (1970, 1977, 1992, 2007, 2012) ਅਤੇ 1 ਵਾਰ ਕੇਂਦਰੀ ਮੰਤਰੀ ਰਹੇ ਸਨ। ਉਹ 2022 ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ। ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਦਾ ਨਾਮ ਸੁਰਿੰਦਰ ਕੌਰ ਸੀ, ਪੁੱਤਰ ਸੁਖਬੀਰ ਸਿੰਘ ਉਨ੍ਹਾਂ ਦੀ ਨੂੰਹ ਦਾ ਨਾਮ ਹਰਸਿਮਰਤ ਕੌਰ ਬਾਦਲ ਹੈ।
27 ਅਪ੍ਰੈਲ ਨੂੰ ਪਿੰਡ ਬਾਦਲ 'ਚ ਹੋਵੇਗਾ ਸੰਸਕਾਰ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ 26 ਅਪ੍ਰੈਲ ਨੂੰ ਸਵੇਰੇ 10 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਚੰਡੀਗੜ੍ਹ ਵਿਖੇ ਲਿਆਂਦਾ ਜਾਵੇਗਾ, 12 ਵਜੇ ਪਿੰਡ ਬਾਦਲ ਲਿਜਾਇਆ ਜਾਵੇਗਾ, ਜੋ ਰਾਜਪੁਰਾ, ਪਟਿਆਲਾ, ਬਰਨਾਲਾ, ਰਾਮਪੁਰਾ-ਫੂਲ ਹੁੰਦਾ ਹੋਇਆ ਪਿੰਡ ਬਾਦਲ ਪਹੁੰਚੇਗਾ ਅਤੇ 27 ਅਪ੍ਰੈਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਅਤੇ ਸਸਕਾਰ ਕੀਤਾ ਜਾਵੇਗਾ।