ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਸਫ਼ਾਰਤਖ਼ਾਨਿਆਂ ਦੇ ਮੁਖੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਵਿਦੇਸ਼ਾਂ ਵਿੱਚ ਭਾਰਤੀ ਸਫ਼ਾਰਤਖ਼ਾਨਿਆਂ ਦੇ ਮੁਖੀਆਂ ਦੇ ਵਫ਼ਦ ਨੇ ਅੱਜ ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐਸ.ਟੀ.ਪੀ.ਆਈ.) ਮੋਹਾਲੀ ਵਿਖੇ ਸਟਾਰਟਅੱਪ ਪੰਜਾਬ ਹੱਬ (ਨਿਊਰੋਨ) ਦਾ ਦੌਰਾ ਕੀਤਾ ਅਤੇ ਇਨਵੈਸਟ ਪੰਜਾਬ ਦੀ ਟੀਮ ਨਾਲ ਗੱਲਬਾਤ ਕੀਤੀ। ਇਸ ਵਫ਼ਦ ਵਿੱਚ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ, ਨੀਦਰਲੈਂਡ ਵਿੱਚ ਭਾਰਤ ਦੇ ਸਫ਼ੀਰ ਰੀਨਤ ਸੰਧੂ, ਰੂਸ ਵਿੱਚ ਭਾਰਤ ਦੇ ਸਫ਼ੀਰ ਪਵਨ ਕਪੂਰ, ਤੁਰਕੀ ਵਿੱਚ ਭਾਰਤ ਦੇ ਰਾਜਦੂਤ ਡਾ. ਵਰਿੰਦਰ ਕੁਮਾਰ ਪਾਲ, ਮੰਗੋਲੀਆ ਵਿੱਚ ਭਾਰਤ ਦੇ ਰਾਜਦੂਤ ਮਹਿੰਦਰ ਪ੍ਰਤਾਪ ਸਿੰਘ ਅਤੇ ਟੋਗੋ ਵਿੱਚ ਭਾਰਤ ਦੇ ਸਫ਼ੀਰ ਸੰਜੀਵ ਟੰਡਨ ਨੇ ਪ੍ਰਮੁੱਖ ਸਕੱਤਰ ਨਿਵੇਸ਼ ਪ੍ਰਮੋਸ਼ਨ ਦਲੀਪ ਕੁਮਾਰ, ਸੀਈਓ ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ ਅਤੇ ਏਸੀਈਓ ਇਨਵੈਸਟ ਪੰਜਾਬ ਉਮਾ ਸ਼ੰਕਰ ਗੁਪਤਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੇਸ਼ਕਾਰੀ ਦਿੰਦੇ ਹੋਏ ਸੀ.ਈ.ਓ. ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਵਿੱਚ ਨਿਵੇਸ਼ਕਾਂ ਨੂੰ ਪ੍ਰੋਜੈਕਟ ਦੇ ਸੰਕਲਪ ਅਤੇ ਯੋਜਨਾਬੰਦੀ ਤੋਂ ਬਾਅਦ ਅਮਲੀ ਜਾਮਾ ਪਹਿਨਾਉਣ ਅਤੇ ਬਾਅਦ ਵਿੱਚ ਦੇਖਭਾਲ ਦੀ ਸਹੂਲਤ ਦੇਣ ਲਈ ਇਨਵੈਸਟ ਪੰਜਾਬ ਦੇ ਵਨ-ਸਟਾਪ-ਆਫਿਸ ਮਾਡਲ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ, ਸੜਕ, ਰੇਲਵੇ ਅਤੇ ਹਵਾਈ ਸੰਪਰਕ ਦੇ ਮਾਮਲੇ ਵਿੱਚ ਪੰਜਾਬ ਦੀ ਕੁਨੈਕਟੀਵਿਟੀ, ਬਿਨਾਂ ਕਿਸੇ ਨਿਵਾਸ ਪਾਬੰਦੀਆਂ ਦੇ ਅਨੁਕੂਲ ਕਿਰਤ ਸਬੰਧਾਂ ਅਤੇ ਨਿਰਵਿਘਨ ਬਿਜਲੀ ਸਪਲਾਈ ਬਾਰੇ ਦੱਸਿਆ, ਜੋ ਪੰਜਾਬ ਵਿੱਚ ਆਪਣੇ ਸੰਚਾਲਨ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਕਾਰੋਬਾਰਾਂ ਲਈ ਸਹਾਈ ਹੈ। ਪੰਜਾਬ ਦੇ ਉਦਯੋਗਿਕ ਪੱਖੀ ਮਾਹੌਲ ਦੀਆਂ ਖੂਬੀਆਂ ਅਤੇ ਵਿਸ਼ਵ ਲਈ ਇਸ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਦੇ ਹੋਏ ਸੀ.ਈ.ਓ. ਇਨਵੈਸਟ ਪੰਜਾਬ ਨੇ ਭਾਰਤੀ ਸਫ਼ੀਰਾਂ ਨਾਲ ਪੰਜਾਬ ਅਤੇ ਸਬੰਧਤ ਦੇਸ਼ਾਂ ਦਰਮਿਆਨ ਵਪਾਰ ਅਤੇ ਸਹਿਯੋਗ ਦੇ ਵੱਖ-ਵੱਖ ਮੌਕਿਆਂ ਬਾਰੇ ਵੀ ਦੱਸਿਆ। ਸ੍ਰੀ ਯਾਦਵ ਨੇ ਸਫ਼ਾਰਤਖ਼ਾਨਿਆਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਦੇਸ਼/ਖ਼ਿੱਤੇ ਤੋਂ ਸੂਬੇ ਵਿੱਚ ਨਿਵੇਸ਼ ਆਕਰਸ਼ਿਤ ਕਰਨ ਵਿੱਚ ਸਹਿਯੋਗ ਦੇਣ। ਉਨ੍ਹਾਂ ਨੇ ਫਰਵਰੀ 2023 ਵਿੱਚ ਹੋਣ ਜਾ ਰਹੇ ਇਨਵੈਸਟ ਪੰਜਾਬ ਸੰਮੇਲਨ ਲਈ ਸਫ਼ੀਰਾਂ ਅਤੇ ਨਿਵੇਸ਼ਕਾਂ ਦੇ ਵਫ਼ਦ ਨੂੰ ਵੀ ਸੱਦਾ ਦਿੱਤਾ। ਇਸ ਦੌਰਾਨ, ਡੈਲੀਗੇਟਾਂ ਨੇ ਪੰਜਾਬ ਵਿੱਚ ਵਪਾਰ ਕਰਨ ਵਿੱਚ ਸੌਖ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਨਾਲ ਲੰਬੇ ਸਮੇਂ ਲਈ ਦੁਵੱਲੇ ਲਾਭਦਾਇਕ ਸਬੰਧ ਬਣਾਉਣ ਦੀ ਉਮੀਦ ਪ੍ਰਗਟਾਈ। ਉਨ੍ਹਾਂ ਨੇ ਗ੍ਰਿਹਾ 5 ਦਰਜਾ ਪ੍ਰਾਪਤ ਟੀਅਰ-III ਡਾਟਾ ਸੈਂਟਰ, ਨਿਊਰੋਨ ਸੈਂਟਰ ਆਫ ਐਕਸੀਲੈਂਸ ਅਤੇ ਐਸ.ਟੀ.ਪੀ.ਆਈ. ਮੋਹਾਲੀ ਵਿਖੇ ਪੂਰੀ ਤਰ੍ਹਾਂ ਨਾਲ ਲੈਸ ਇਨਕਿਊਬੇਸ਼ਨ ਸਪੇਸ ਸਮੇਤ ਅਤਿਆਧੁਨਿਕ ਅਦਾਰਿਆਂ ਦਾ ਵੀ ਦੌਰਾ ਕੀਤਾ। ਡੈਲੀਗੇਟਾਂ ਨੇ ਐਸਟੀਪੀਆਈ ਮੋਹਾਲੀ ਵਿਖੇ ਸਥਿਤ ਐਗਰੀਟੈੱਕ, ਮੈਡੀਟੈੱਕ, ਆਈਟੀ/ਆਈਟੀਈਐਸ ਆਦਿ ਵਰਗੇ ਵੱਖ-ਵੱਖ ਸੈਕਟਰਾਂ ਵਿੱਚ ਰਾਜ ਦੇ ਮੋਹਰੀ ਸਟਾਰਟ-ਅੱਪਸ ਨਾਲ ਵੀ ਗੱਲਬਾਤ ਕੀਤੀ।