ਅੰਮ੍ਰਿਤਸਰ, 19 ਅਕਤੂਬਰ : ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੰਮ੍ਰਿਤਸਰ ਫੇਰੀ ਦੌਰਾਨ ਅਟਾਰੀ ਸਰਹੱਦ 'ਤੇ ਦੇਸ਼ ਦਾ ਸੱਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਇਆ। ਕੇਂਦਰੀ ਮੰਤਰੀ ਨੇ ਦਸਿਆ ਕਿ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਵਿਸ਼ੇਸ਼ ਨਿਗਰਾਨੀ ਤਕਨੀਕ ਨਾਲ ਲੈਸ ਹੈ। ਇਸ ਦੇ ਉੱਪਰ ਇਕ ਸਿਸਟਮ ਲਗਾਇਆ ਗਿਆ ਹੈ, ਜੋ ਸਰਹੱਦ 'ਤੇ ਸਾਡੇ ਸੈਨਿਕਾਂ ਦੀ ਨਿਗਰਾਨੀ ਕਰਨ ਵਿਚ ਮਦਦ ਕਰੇਗਾ। ਅਟਾਰੀ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਗੁਆਂਢੀ ਦੇਸ਼ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਹੁਣ ਗੋਲਡਨ ਗੇਟ ਦੇ ਸਾਹਮਣੇ ਤਿਆਰ ਕੀਤੇ ਗਏ 418 ਫੁੱਟ ਲੰਬੇ ਝੰਡੇ ਦੇ ਖੰਭੇ 'ਤੇ ਭਾਰਤ ਦਾ ਤਿਰੰਗਾ ਲਹਿਰਾ ਰਿਹਾ ਹੈ। ਇਹ ਫਲੈਗ ਪੋਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵਲੋਂ 3.5 ਕਰੋੜ ਰੁਪਏ ਵਿਚ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਕਰਨਾਟਕ ਦੇ ਬੇਲਗਾਮ 'ਚ ਦੇਸ਼ ਦਾ ਸੱਭ ਤੋਂ ਉੱਚਾ 360.8 ਫੁੱਟ ਦਾ ਝੰਡਾ ਲਹਿਰਾਇਆ ਗਿਆ ਸੀ। ਹੁਣ ਅਟਾਰੀ ਸਰਹੱਦ 'ਤੇ ਦੇਸ਼ ਦਾ ਸੱਭ ਤੋਂ ਉੱਚਾ ਤਿਰੰਗਾ ਝੰਡਾ 418 ਫੁੱਟ ਉੱਚਾ ਹੋ ਗਿਆ ਹੈ। ਕੇਂਦਰੀ ਮੰਤਰੀ ਵੀਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਪਹੁੰਚੇ ਸਨ। ਉਨ੍ਹਾਂ ਦਾ ਹਵਾਈ ਅੱਡੇ 'ਤੇ ਪੰਜਾਬ ਦੇ ਮੰਤਰੀਆਂ ਕੁਲਦੀਪ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ. ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਇਥੋਂ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ-ਕਟੜਾ ਨੈਸ਼ਨਲ ਹਾਈਵੇ ਦਾ ਦੌਰਾ ਕੀਤਾ ਅਤੇ ਪ੍ਰਾਜੈਕਟ ਦੀ ਸਮੀਖਿਆ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕਈ ਮੰਤਰੀ ਵੀ ਮੌਜੂਦ ਰਹੇ। ਨਿਤਿਨ ਗਡਕਰੀ ਨੇ ਪੰਜਾਬ ਵਿਚ ਚੱਲ ਰਹੇ ਹਾਈਵੇਅ ਪ੍ਰਾਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦਰਮਿਆਨ ਪੈਦਾ ਹੋਏ ਪਾਣੀ ਦੇ ਵਿਵਾਦ ਦਾ ਹੱਲ ਵੀ ਦਸਿਆ ਹੈ। ਗਡਕਰੀ ਨੇ ਕਿਹਾ ਕਿ ਭਾਰਤ ਵਿਚ ਪਾਣੀ ਦੀ ਬਹੁਤਾਤ ਹੈ। ਆਜ਼ਾਦੀ ਤੋਂ ਬਾਅਦ ਭਾਰਤ ਦੇ ਹਿੱਸੇ ਵਿਚ ਤਿੰਨ ਅਤੇ ਪਾਕਿਸਤਾਨ ਦੇ ਹਿੱਸੇ ਵਿਚ ਤਿੰਨ ਦਰਿਆ ਸਨ ਪਰ ਅੱਜ ਤਕ ਭਾਰਤ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਵਿਚ ਪਹੁੰਚ ਰਿਹਾ ਹੈ। ਜੇਕਰ ਅਸੀਂ ਉਸ ਪਾਣੀ ਨੂੰ ਚੈਨਲਾਈਜ਼ ਕਰਦੇ ਹਾਂ ਤਾਂ ਅਸੀਂ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਨੂੰ ਵੀ ਪਾਣੀ ਮੁਹੱਈਆ ਕਰਵਾ ਸਕਦੇ ਹਾਂ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ, ਪੰਜਾਬ ਲਈ ਰੋਪਵੇਅ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਮੇਸ਼ਾ ਭਵਿੱਖ ਲਈ ਯੋਜਨਾ ਬਣਾਉਣ ਦੀ ਸਲਾਹ ਦਿਤੀ ਹੈ। ਕਿਸਾਨ ਅੱਜ ਪਰਾਲੀ ਸਾੜਦੇ ਹਨ, ਪਰ ਆਉਣ ਵਾਲੇ ਸਮੇਂ ਵਿਚ ਪਰਾਲੀ ਨੂੰ ਲੈ ਕੇ ਲੜਾਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਉਹ ਜੋ ਵੀ ਕਹਿੰਦੇ ਹਨ, ਸੋਚ ਕੇ ਕਹਿੰਦੇ ਹਨ। ਇਸ ਪਰਾਲੀ ਤੋਂ ਈਥਾਨੌਲ ਤਿਆਰ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੰਜਾਬ ਵਿਚ 29,000 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਗਰੀਨ ਫੀਲਡ ਅਤੇ ਆਰਥਿਕ ਗਲਿਆਰੇ ਬਣਾਏ ਜਾ ਰਹੇ ਹਨ। 669 ਕਿਲੋਮੀਟਰ ਲੰਬਾ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨ ਫੀਲਡ ਐਕਸਪ੍ਰੈਸਵੇਅ 40,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਿਰਮਾਣ ਨਾਲ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ਵਿਚ ਅਤੇ ਕਟੜਾ ਤੋਂ 6 ਘੰਟੇ ਵਿਚ ਪਹੁੰਚਿਆ ਜਾ ਸਕਦਾ ਹੈ।