ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਨਾਮ ਚਿੱਠੀ.....

 ਪਿਆਰੇ ਪੰਜਾਬੀਓ,
ਅੱਜ ਮੈਂ ਤੁਹਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਪ੍ਰਤੀ ਵਧਦੀ ਚਿੰਤਾ ਸੰਬੰਧੀ ਲਿਖ ਰਿਹਾ ਹਾਂ। ਪੰਜਾਬੀਆਂ ਦੇ ਰੂਪ 'ਚ, ਅਸੀਂ ਹਮੇਸ਼ਾ ਬਾਬਾ ਨਾਨਕ ਦੀ 'ਸਰਬੱਤ ਦੇ ਭਲੇ' ਦੀ ਸਿੱਖਿਆ 'ਚ ਵਿਸ਼ਵਾਸ ਕਰਦੇ ਆਏ ਹਾਂ। ਇਸ ਰਸਤੇ 'ਤੇ ਚਲਦਿਆਂ ਹਰ ਪੰਜਾਬੀ ਨੇ ਆਤਮ-ਸਨਮਾਨ ਦੇ ਨਾਲ ਪੰਜਾਬ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ 20 ਸਾਲਾਂ ਤੋਂ ਪੰਜਾਬ ਦੀਆਂ ਸਰਕਾਰਾਂ ਅਤੇ ਮੁੱਖ ਮੰਤਰੀਆਂ, ਜਿਨ੍ਹਾਂ ਨੇ ਸਿਰਫ਼ 'ਆਪਣਾ ਭਲਾ' (ਆਪਣੇ ਆਪ ਦੀ ਭਲਾਈ) 'ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ; ਨੇ ਇਕ ਅਜਿਹੀ ਪ੍ਰਣਾਲੀ ਬਣਾਈ, ਜਿਸ ਨਾਲ ਸੂਬੇ ਦੇ ਸੰਭਾਵੀ ਮਾਲੀਆ ਨੂੰ ਸੱਤਾ 'ਚ ਬੈਠੇ ਲੋਕਾਂ ਦੀਆਂ ਜੇਬਾਂ 'ਚ ਰੱਖਿਆ ਜਾਂਦਾ ਹੈ ਅਤੇ ਸੂਬਾ ਉਧਾਰ (ਕਰਜਾ) ਚੁੱਕ ਕੇ ਅਤੇ ਟੈਕਸਾਂ 'ਤੇ ਚਲਾਇਆ ਜਾਂਦਾ ਹੈ। ਪੰਜਾਬ ਦੇ ਖਜਾਨੇ ਨੂੰ ਲੁੱਟਣ ਲਈ ਏਕਾਧਿਕਾਰ ਬਣਾਉਣ ਵਾਲੇ ਮਾਫੀਆ ਨਾਲ ਭਾਈਵਾਲੀ ਕਰਕੇ ਯੋਜਨਾਬੱਧ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਦੀ ਇਹ ਨਿਰੰਤਰ ਪ੍ਰਣਾਲੀ ਸਾਡੇ ਭਵਿੱਖ ਲਈ ਗੰਭੀਰ ਖ਼ਤਰਾ ਹੈ। ਸਾਡੇ ਲਈ ਇਹ ਸਮਝਣਾ ਸਭ ਤੋਂ ਮਹੱਤਵਪੂਰਨ ਹੈ ਕਿ ਪੰਜਾਬ ਦਾ ਕਰਜਾ, ਜੋ ਕਿ ਆਰ.ਬੀ.ਆਈ. ਦੇ ਅੰਕੜਿਆਂ ਅਨੁਸਾਰ 3.24 ਲੱਖ ਤੱਕ ਪਹੁੰਚ ਚੁੱਕਾ ਹੈ, ਸਾਨੂੰ ਪੰਜਾਬ ਦੇ ਲੋਕਾਂ ਨੂੰ ਅਸਿੱਧੇ ਟੈਕਸਾਂ ਰਾਹੀਂ ਸੂਬੇ ਨੂੰ ਵਾਪਸ ਅਦਾ ਕਰਨਾ ਪਵੇਗਾ, ਜਿਵੇਂ ਕਿ ਪੈਟਰੋਲ ਅਤੇ ਡੀਜ਼ਲ 'ਤੇ 2 ਰੁਪਏ ਦਾ ਵਾਧਾ, ਸ਼ਰਾਬ 'ਤੇ 10 ਫ਼ੀਸਦੀ ਸਰਚਾਰਜ, ਸਟੈਂਪ ਡਿਊਟੀ ਅਤੇ ਸਰਕਾਰੀ ਸੇਵਾਵਾਂ ਲਈ ਹੋਰ ਵੱਖ-ਵੱਖ ਖਰਚੇ, ਖਾਣਾ ਪਕਾਉਣ ਵਾਲੇ ਤੋਲਾਂ, ਦਾਲਾਂ, ਗੈਸ ਸਿਲੰਡਰ 'ਤੇ ਰਾਜ ਦਾ ਟੈਕਸਾਂ ਦਾ ਹਿੱਸਾ 'ਹਰ ਚੀਜ 'ਤੇ ਟੈਕਸ ਲਗਾਇਆ ਜਾਂਦਾ ਹੈ। ਅਕਾਲੀ ਦਲ ਸਰਕਾਰ ਨੇ ਸਾਲਾਨਾ ਔਸਤਨ 15 ਹਜਾਰ ਕਰੋੜ ਦਾ ਕਰਜਾ ਲਿਆ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਲਾਨਾ 20 ਹਜਾਰ ਕਰੋੜ ਰੁਪਏ ਦਾ ਕਰਜ ਲਿਆ ਅਤੇ ਅੱਜ ਭਗਵੰਤ ਮਾਨ ਸਰਕਾਰ ਸਮੇਂ ਇਹ ਅੰਕੜਾ 34 ਹਜਾਰ ਕਰੋੜ ਸਾਲਾਨਾ ਤੱਕ ਪਹੁੰਚ ਗਿਆ ਹੈ। ਸਮੂਹ ਕਰਜਿਆਂ ਦਾ ਵਿਆਜ ਪੰਜਾਬ ਦੇ ਵਿਕਾਸ ਤੇ ਤਰੱਕੀ ਨੂੰ ਰੋਕ ਰਿਹਾ ਹੈ। ਮੌਜੂਦਾ ਸਰਕਾਰ ਵੱਡੀਆਂ ਉਮੀਦਾਂ ਅਤੇ ਵੱਡੇ-ਵੱਡੇ ਵਾਅਦਿਆਂ ਦੇ ਨਾਲ ਆਈ ਸੀ, ਪਰ ਅੱਜ ਉਨ੍ਹਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਅਤੇ ਖ਼ੁਦ ਨੂੰ ਇਮਾਨਦਾਰ ਸਾਬਤ ਕਰਨ ਦੀ ਕਲਾ 'ਚ ਮੁਹਾਰਤ ਹਾਸਿਲ ਕਰ ਲਈ ਹੈ, ਜੋ ਕਿ ਉਹ ਯਕੀਨੀ ਤੌਰ 'ਤੇ ਨਹੀਂ ਹੈ; 20 ਸਾਲ ਪੁਰਾਣੇ ਮਾਫ਼ੀਆ ਦੀ ਲਗਾਤਾਰ ਹੋਂਦ ਇਸ ਗੱਲ ਦੀ ਗਵਾਈ ਕਰਦੀ ਹੈ। 40 ਹਜਾਰ ਕਰੋੜ ਤੋਂ ਉਪਰ ਦੇ ਕਰਜ 'ਚ ਡੁੱਬੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. (ਪੀ.ਐਸ.ਪੀ.ਸੀ.ਐਲ.) ਨੂੰ ਗਿਰਵੀ ਰੱਖ ਕੇ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਭਵਿੱਖ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਵਾਅਦਾ ਕੀਤਾ ਗਿਆ ਸੀ, ਲੋਕਾਂ ਲਈ ਕੋਈ ਸਿਹਤ ਬੀਮਾ ਨਹੀਂ ਹੈ, ਕਿਉਂਕਿ ਰਾਜ ਸਰਕਾਰ ਕੇਂਦਰ ਨੂੰ ਦਿੱਤੇ ਜਾਣ ਵਾਲੇ ਆਪਣੇ ਹਿੱਸੇ ਦੇ ਮਾਲੀਏ ਦਾ ਪ੍ਰਬੰਧ ਨਹੀਂ ਕਰ ਸਕੀ। ਲੋਕ ਪੰਜ ਗੁਣਾ ਵੱਧ ਕੀਮਤ 'ਤੇ ਰੇਤ ਖਰੀਦਦੇ ਹਨ। ਮੋਕਿਆਂ ਦੀ ਕਮੀ ਕਾਰਨ ਸਾਡੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਜਾਰੀ ਹੈ। ਸਾਡੇ ਕਿਸਾਨਾਂ ਦੇ ਕੋਲ ਉਤਪਾਦਕਤਾ 'ਚ ਵਿਭਿੰਨਤਾ ਲਿਆਉਣ ਅਤੇ ਮਾਰਕਿਟਿੰਗ ਦੀ ਕੋਈ ਨੀਤੀ ਨਹੀਂ ਹੈ। ਸਾਡੇ ਅਧਿਆਪਕ ਅਤੇ ਪ੍ਰੋਫੈਸਰ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ। ਵਿਭਾਗ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਅਤੇ ਸਿੰਗਲ ਵਿੰਡੋ ਸਿਸਟਮ' ਨਾ ਹੋਣ ਕਾਰਨ ਕਾਰੋਬਾਰੀ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ। ਇਹ ਸਭ ਇਸ ਲਈ ਹੈ; ਕਿਉਂਕਿ ਰਾਜ ਦੀ ਆਮਦਨ ਨੂੰ ਨਿੱਜੀ ਜੇਬ 'ਚ ਪਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਮੈਂ ਭਾਜਪਾ-ਅਕਾਲੀ ਸਰਕਾਰ ਦੇ ਇਸ ਸਾਸਨ ਮਾਡਲ ਦੇ ਵਿਰੋਧ 'ਚ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੈਬਨਿਟ ਦੇ ਪਹਿਲੇ ਦਿਨ ਤੋਂ ਹੀ ਮਾਈਨਿੰਗ ਨੀਤੀ, ਆਬਕਾਰੀ ਨੀਤੀ ਅਤੇ ਕੇਬਲ ਨੀਤੀ ਦੀ ਤਜਵੀਜ ਪੇਸ਼ ਕਰਨ ਪਰ ਕੈਪਟਨ ਸਰਕਾਰ ਵਲੋਂ ਇਸ 'ਤੇ ਅਮਲ ਨਾ ਕਰਨ ਕਾਰਨ ਮੈਂ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਿਛਲੇ 20 ਸਾਲਾਂ 'ਚ ਮੈਂ ਰਾਜਨੇਤਾ-ਮਾਫੀਆ ਗੱਠਜੋੜ ਖ਼ਿਲਾਫ ਦ੍ਰਿੜ੍ਹਤਾ ਨਾਲ ਆਵਾਜ ਚੁੱਕੀ ਹੈ, ਜੋ ਪੰਜਾਬ ਦੇ ਸੰਭਾਵੀ ਖ਼ਜ਼ਾਨੇ ਨੂੰ ਅੰਦਰੋਂ ਨੁਕਸਾਨ ਪਹੁੰਚਾ ਰਿਹਾ ਹੈ। ਇਹ ਕਿਸੇ ਇਕ ਵਿਅਕਤੀ ਦੀ ਲੜਾਈ ਨਹੀਂ ਹੈ; ਇਹ ਹਰ ਪੰਜਾਬੀ ਦੇ ਭਵਿੱਖ ਦੀ ਲੜਾਈ ਹੈ; ਇਹ ਸਾਡੀ ਅਗਲੀ ਪੀੜ੍ਹੀ ਲਈ ਲੜਾਈ ਹੈ। ਗੰਭੀਰ ਚਿੰਤਾ ਦੇ ਇਸ ਮੁੱਦੇ ਦਾ ਹੱਲ ਮਾਈਨਿੰਗ ਨੂੰ ਯੋਜਨਾਬੱਧ ਬਣਾਉਣਾ, ਉਤਪਾਦ ਸਰਚਾਰਜ ਨਿਗਮ ਦੀ ਸਥਾਪਨਾ ਕਰਨਾ, ਕੇਬਲ ਅਤੇ ਟਰਾਂਸਪੋਰਟ ਖੇਤਰ 'ਚ ਏਕਾਧਿਕਾਰ ਨੂੰ ਖ਼ਤਮ ਕਰਨਾ, ਪੰਜਾਬ ਦੀ ਨਾਜਾਇਜ ਤੌਰ 'ਤੇ ਕਬਜਾਈ ਗਈ ਹਜਾਰਾਂ ਏਕੜ ਜ਼ਮੀਨ ਨੂੰ ਵਾਪਸ ਹਾਸਲ ਕਰਨਾ ਅਤੇ ਵਿਚੋਲਿਆ ਵਲੋਂ ਕਿਸਾਨਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ ਸਹਿਕਾਰੀ ਕਮੇਟੀਆਂ ਬਣਾਉਣਾ ਹੈ। ਜੇਕਰ ਤਾਮਿਲਨਾਡੂ ਪੰਜਾਬ ਤੋਂ ਘੱਟ ਖ਼ਪਤ ਦੇ ਨਾਲ ਉਤਪਾਦ ਸਰਚਾਰਜ ਮਾਲੀਆ ਤੋਂ 40 ਹਜ਼ਾਰ ਕਰੋੜ ਤੋਂ ਵੱਧ ਕਮਾ ਸਕਦਾ ਹੈ ਤਾਂ ਪੰਜਾਬ ਅਜਿਹਾ ਕਿਉਂ ਨਹੀਂ ਕਰ ਸਕਦਾ? ਜੇਕਰ ਤੇਲੰਗਾਨਾ ਇਕ ਨਦੀ ਦੇ ਨਾਲ ਮਾਈਨਿੰਗ ਮਾਲੀਆ ਤੋਂ 2500 ਤੋਂ 3000 ਕਰੋੜ ਰੁਪਏ ਕਮਾ ਸਕਦਾ ਹੈ, ਤਾਂ ਤਿੰਨ ਦਰਿਆਵਾਂ ਨਾਲ ਪੰਜਾਬ ਕਿਉਂ ਪੈਸਾ ਨਹੀਂ ਕਮਾ ਸਕਦਾ? %ਪੰਜਾਬ ਦਾ ਮਾਲੀਆ ਦੋਗੁਣਾ ਕਰਨ ਲਈ ਕੇਂਦਰੀ ਯੋਜਨਾਵਾਂ ਦੀ ਵਰਤੋਂ ਕਰਨ 'ਚ ਅਸਫਲ ਕਿਉਂ ਰਿਹਾ ਹੈ, ਜਿਵੇਂ ਕਿ ਭਾਰਤ ਦੇ ਆਤਮ-ਨਿਰਭਰ ਰਾਜਾਂ ਨੇ ਕੀਤਾ ਹੈ? ਇਹ ਅਜਿਹੇ ਸਵਾਲ ਹਨ, ਜੋ ਹਰ ਪੰਜਾਬੀ ਨੂੰ ਜ਼ਰੂਰ ਪੁੱਛਣੇ ਚਾਹੀਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਸਿਆਸੀ ਨੈਰੇਟਿਵ ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਲੋਕ ਭਲਾਈ ਦੀ ਰਾਜਨੀਤੀ ਵੱਲ ਬਦਲਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹ ਵਿਅਕਤੀਆਂ ਦੇ ਖ਼ਿਲਾਫ਼ ਨਹੀਂ, ਸਗੋਂ ਇਕ ਅਜਿਹੀ ਪ੍ਰਣਾਲੀ ਬਣਾਉਣ ਦੀ ਲੜਾਈ ਹੈ, ਜੋ ਯੋਗਤਾ, ਨਿਰਪੱਖਤਾ, ਮੌਕਿਆਂ ਅਤੇ ਸਥਿਰਤਾ 'ਤੇ ਆਧਾਰਿਤ ਹੋਵੇ। ਅੱਗੇ ਵਧਣ ਦਾ ਇਕਲੌਤਾ ਰਸਤਾ 'ਸਰਕਾਰ ਨੂੰ ਸੂਬੇ ਦੀ ਆਮਦਨ ਦੇ ਅਨੁਸਾਰ ਚੱਲਣਾ ਚਾਹੀਦਾ
ਹੈ ਨਾ ਕਿ ਉਧਾਰ ਚੁੱਕ ਕੇ ਅਤੇ ਅਸਿੱਧੇ ਕਰਾਂ 'ਤੇ।'
'ਪੰਜਾਬ ਮੇਰੀ ਜ਼ਿੰਦਗੀ ਅਤੇ ਆਤਮਾ ਹੈ। ਅਸੀਂ ਆਪਣੇ ਆਖਰੀ ਸਾਹਾਂ ਤੱਕ ਪੰਜਾਬ ਨੂੰ ਗੌਰਵ ਦੇ ਸਿਖ਼ਰਾਂ 'ਤੇ ਪਹੁੰਚਾਉਣ ਲਈ ਲੜਾਂਗੇ।'
                                                                                                                                               ਨਵਜੋਤ ਸਿੰਘ ਸਿੱਧੂ

01