ਫਾਜ਼ਿਲਕਾ, 21 ਅਕਤੂਬਰ : ਆਪਸੀ ਵਿਵਾਦ ਕਾਰਨ ਫਾਜ਼ਿਲਕਾ ‘ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਦਿਨ-ਦਿਹਾੜੇ ਨਿਹੰਗ ਸਿੰਘ ਪਿਓ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵਲੋਂ ਹੀ ਅੰਜਾਮ ਦਿਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚ ਪਹਿਲਾਂ ਹੀ ਰੰਜਿਸ਼ ਚੱਲ ਰਹੀ ਸੀ। ਜਿਸ ਕਾਰਨ ਹਥੌੜੇ ਅਤੇ ਹੋਰ ਹਥਿਆਰਾਂ ਨਾਲ ਵਾਰ ਕਰਕੇ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਪੁਲਿਸ ਨੇ ਮੁਲਜ਼ਮਾਂ ਵਿਰੁਧ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਅਨੁਸਾਰ ਪਿੰਡ ਬੋਦਲਾ ਵਾਸੀ ਨਿਹੰਗ ਪ੍ਰਤਾਪ ਸਿੰਘ ਅਤੇ ਉਸ ਦੇ ਪੁੱਤਰ ਗਗਨਦੀਪ ਦਾ ਅਪਣੇ ਹੀ ਰਿਸ਼ਤੇਦਾਰਾਂ ਨਾਲ ਵਿਵਾਦ ਚੱਲ ਰਿਹਾ ਸੀ। ਇਸ ਸਬੰਧੀ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਸਮਝੌਤਾ ਵੀ ਹੋਇਆ ਸੀ। ਜਿਸ ਤੋਂ ਬਾਅਦ ਸ਼ਨਿਚਰਵਾਰ ਨੂੰ ਮੁਲਜ਼ਮ ਦਿਲਬਾਗ ਸਿੰਘ, ਸੰਦੀਪ ਸਿੰਘ ਅਤੇ ਵਿਕਰਮ ਸਿੰਘ ਨੇ ਦੋਵਾਂ ਦਾ ਕਤਲ ਕਰ ਦਿਤਾ। ਪੁਲਿਸ ਨੇ ਦਸਿਆ ਕਿ ਮੁਲਜ਼ਮ ਦਿਲਬਾਗ ਸਿੰਘ ਮ੍ਰਿਤਕ ਪ੍ਰਤਾਪ ਸਿੰਘ ਦਾ ਭਰਾ ਹੈ ਜਦਕਿ ਸੰਦੀਪ ਅਤੇ ਵਿਕਰਮ ਉਸ ਦੇ ਭਤੀਜੇ ਹਨ। ਇਸ ਸਬੰਧੀ ਐਸ.ਪੀ. (ਡੀ) ਮਨਜੀਤ ਸਿੰਘ ਨੇ ਦਸਿਆ ਕਿ ਕਤਲ ਦੀ ਇਹ ਘਟਨਾ ਅਪਸੀ ਰੰਜਿਸ਼ ਕਾਰਨ ਵਾਪਰੀ ਹੈ। ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਕੇ 'ਤੇ ਹੋਏ ਝਗੜੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।