ਚੰਡੀਗਡ਼੍ਹ : ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੰਭੀਰ ਜਾਨਲੇਵਾ ਰੋਗ ਤੋਂ ਪੀਡ਼ਤ 19 ਕੀਮਤੀ ਜਾਨਾਂ ਬਚਾਉਣ ਲਈ ਫੌਰੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਲਾਜ ਲਈ PGI ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਇਲਾਜ ਅਦਾਰੇ ਨੇ ਇਲਾਜ ਤੋਂ ਹੱਥ ਖਡ਼੍ਹੇ ਕਰ ਦਿੱਤੇ ਹਨ। ਖਹਿਰਾ ਨੇ ਕਿਹਾ ਕਿ ਪੰਜਾਬ ਵਿਚ 19 ਮਰੀਜ਼ ਜਾਨਲੇਵਾ ਇਮਿਊਨਿਟੀ ਡਿਸਆਰਡਰ ‘ਹਾਈਪੋਗੈਮਾਗਲੋਬੂਲਨੇਮੀਆ’ ਤੋਂ ਪੀਡ਼ਤ ਹਨ। ਇਹ ਸਾਰੇ ਮਰੀਜ਼ ਗ਼ਰੀਬ ਵਰਗ ਨਾਲ ਸਬੰਧਤ ਹਨ ਤੇ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹਨ। ਖਹਿਰਾ ਨੇ ਕਿਹਾ ਕਿ ਮਰੀਜ਼ਾਂ ਨੂੰ ਹਰ ਮਹੀਨੇ 26 ਹਜ਼ਾਰ ਰੁਪਏ ਦੀ ਕੀਮਤ ਵਾਲਾ ਟੀਕਾ ਲਗਵਾਉਣਾ ਪੈਂਦਾ ਹੈ ਜੋ ਕਿ ਪੀਜੀਆਈ ਵਿਖੇ ਲਗਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਪੀਜੀਆਈ ਨੂੰ ਰਾਸ਼ੀ ਅਦਾ ਕਰਦੀ ਸੀ ਤੇ ਇਲਾਜ ਸੁਚਾਰੂ ਢੰਗ ਨਾਲ ਚੱਲਦਾ ਸੀ। ਹੁਣ ਜਦੋਂ ਤੋਂ ਆਪ ਸਰਕਾਰ ਨੇ ਸੱਤਾ ਸੰਭਾਲੀ ਹੈ ਪੀਜੀਆਈ ਦੀਆਂ ਅਨੇਕਾਂ ਅਦਾਇਗੀਆਂ ਰੋਕ ਦਿੱਤੀਆਂ ਹਨ। ਪੀਜੀਆਈ ਨੇ ਮਰੀਜ਼ਾਂ ਨੂੰ ਬਚਾਉਣ ਵਾਲਾ ਟੀਕਾ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਖਹਿਰਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ 19 ਬੇਸਹਾਰਾ ਮਰੀਜ਼ਾਂ ਲਈ ਜ਼ਿੰਦਗੀ ਤੇ ਮੌਤ ਦਾ ਮਾਮਲਾ ਹੈ। ਮਹੀਨਾਵਾਰ ਟੀਕਿਆਂ ’ਤੇ ਲੱਗਣ ਵਾਲੀ ਕੁੱਲ ਰਕਮ ਸਰਕਾਰ ਲਈ ਕੁਝ ਵੀਂ ਨਹੀਂ ਹੈ ਜਿਸ ਦਾ ਕਿ ਪੀਜੀਆਈ ਨੂੰ ਤੁਰੰਤ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।