- ਕਿਹਾ - ਐਨੀ ਤੇਜ਼ੀ ਨਾਲ ਵਿਕਾਸ ਕੰਮ ਕਰਨ ਵਾਲੀ 'ਆਪ' ਪਹਿਲੀ ਸਰਕਾਰ, ਪਿਛਲੀਆਂ ਸਰਕਾਰਾਂ ਵੋਟਾਂ ਤੋਂ ਛੇ ਮਹੀਨੇ ਪਹਿਲਾਂ ਵੀ ਐਨੇ ਲੋਕ ਭਲਾਈ ਫੈਸਲੇ ਨਹੀਂ ਸੀ ਲੈਂਦੀਆਂ
- ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਨਾਲ ਜੁੜ ਕੇ ਸੂਬੇ ਨੂੰ ਬਣਾ ਰਹੇ ਹਾਂ ਰੰਗਲਾ ਪੰਜਾਬ: ਅਨਮੋਲ ਗਗਨ ਮਾਨ
- ਕਾਂਗਰਸ ਸਰਕਾਰ ਦੇ ਪਹਿਲੇ ਸਾਲ 2017-18 'ਚ 5,000 ਕਰੋੜ ਦੇ ਨਿਵੇਸ਼ ਦੇ ਮੁਕਾਬਲੇ 'ਆਪ' ਸਰਕਾਰ ਦੇ ਪਹਿਲੇ ਸਾਲ ਆਈ 40,000 ਕਰੋੜ ਦੀ ਇਨਵੈਸਟਮੈਂਟ: ਨਿਵੇਸ਼ ਪ੍ਰੋਤਸਾਹਨ ਮੰਤਰੀ
- ਸੂਬੇ ਦਾ ਮਾਲੀਆ ਅਤੇ ਨੌਕਰੀਆਂ ਵਧਾਉਣ ਲਈ ਪੰਜਾਬ ਵਿੱਚ ਟੂਰਿਜ਼ਮ ਖੇਤਰ ਦਾ ਕੀਤਾ ਜਾ ਰਿਹਾ ਜ਼ੋਰ-ਸ਼ੋਰ ਨਾਲ ਵਿਕਾਸ: ਕੈਬਨਿਟ ਮੰਤਰੀ
- ਆਪ ਨੇ ਸੱਤਾ ਵਿੱਚ ਆਉਂਦਿਆਂ ਹੀ ਕਾਮਿਆਂ ਦੀ ਰਜਿਸਟ੍ਰੇਸ਼ਨ ਅਤੇ ਘੱਟੋ-ਘੱਟ ਉਜਰਤ ਵਿਚ ਕੀਤਾ ਵਾਧਾ
ਚੰਡੀਗੜ੍ਹ, 17 ਮਾਰਚ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ 'ਇੱਕ ਸਾਲ ਪੰਜਾਬ ਦੇ ਨਾਲ' ਦੇ ਨਾਅਰੇ ਹੇਠ ਭਗਵੰਤ ਮਾਨ ਸਰਕਾਰ ਅਤੇ ਆਪਣੇ ਵਿਭਾਗਾਂ ਦੀ ਇੱਕ ਸਾਲ ਦੀ ਕਾਰਗੁਜ਼ਾਰੀ 'ਤੇ ਚਾਨਣਾ ਪਾਇਆ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ 'ਆਪ' ਸਰਕਾਰ ਦੇ ਸਫ਼ਲ ਇੱਕ ਸਾਲ ਲਈ ਪੰਜਾਬ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਸੰਗਠਨ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਿਸੇ ਸਰਕਾਰ ਨੇ ਐਨੀ ਤੇਜ਼ੀ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਨਹੀਂ ਕੀਤਾ। ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਵੋਟਾਂ ਤੋਂ ਛੇ ਮਹੀਨੇ ਪਹਿਲਾਂ ਕੰਮ ਸ਼ੁਰੂ ਕਰਦੀਆਂ ਸਨ ਅਤੇ ਉਹ ਵੀ ਕਦੇ ਪੂਰੇ ਨਹੀਂ ਹੁੰਦੇ ਸਨ। ਭਗਵੰਤ ਮਾਨ ਸਰਕਾਰ ਦੀਆਂ ਇੱਕ ਸਾਲ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਵੱਡੀਆਂ ਗਾਰੰਟੀਆਂ ਲਗਭਗ ਪੂਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਬਾਰੇ ਵਿਰੋਧੀ ਧਿਰਾਂ ਸਵਾਲ ਖੜ੍ਹੇ ਕਰ ਰਹੀਆਂ ਸਨ ਅਤੇ ਕਿਹਾ ਗਿਆ ਕਿ ਇਹ ਸੰਭਵ ਹੀ ਨਹੀਂ। ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਸੰਭਵ ਕਰਕੇ ਦਿਖਾਇਆ ਅਤੇ ਅੱਜ ਪੰਜਾਬ ਦੇ 90% ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਨਾਲ ਹੀ ਸਰਕਾਰ ਨੇ ਰੁਜ਼ਗਾਰ ਦੇ ਵਾਅਦੇ ਨੂੰ ਪੂਰਾ ਕਰਦਿਆਂ ਇੱਕ ਸਾਲ ਵਿੱਚ ਤਕਰੀਬਨ 27000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ 500 ਤੋਂ ਵੱਧ ਮੁਹੱਲਾ ਕਲੀਨਿਕ ਹਨ ਜਿੱਥੇ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਇਲਾਜ ਕਰਵਾਇਆ। ਪੰਜਾਬ ਵਿੱਚ 'ਸਕੂਲ ਆਫ ਐਮੀਨੈਂਸ' ਬਣ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਦੇ ਪ੍ਰੋਤਸਾਹਨ ਲਈ ਵੀ ਭਗਵੰਤ ਮਾਨ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਅਤੇ ਲਗਾਤਾਰ ਪੰਜਾਬੀ ਭਾਸ਼ਾ ਨੂੰ ਹੋਰ ਅੱਗੇ ਲਿਜਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਸਰਕਾਰ ਨੇ ਜਿੱਥੇ ਟਰਾਂਸਪੋਰਟ ਮਾਫੀਆ ਨੂੰ ਨਕੇਲ ਪਾਈ ਉੱਥੇ ਹੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੀ ਹਰ ਜਗ੍ਹਾ ਸਪੱਸ਼ਟਤਾ ਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ। ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੇਤੇ ਦੀਆਂ ਸਰਕਾਰੀ ਖੱਡਾਂ ਚਾਲੂ ਕਰਕੇ ਰੇਤਾ ਮਾਫੀਆ ਖ਼ਤਮ ਕੀਤਾ ਅਤੇ ਆਮ ਆਦਮੀ ਪਾਰਟੀ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਸਰਕਾਰ ਹੈ ਇਸਦਾ ਪ੍ਰਮਾਣ ਸਰਕਾਰ ਵੱਲੋਂ ਇੱਕ ਸਾਲ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕੀਤੀ ਕਾਰਵਾਈ ਹੈ। ਉਨ੍ਹਾਂ ਅੱਗੇ ਕਿਹਾ, "ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਨਾਲ ਜੁੜ ਕੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਕੰਮ ਕਰ ਰਹੇ ਹਾਂ।" ਆਪਣੇ ਵਿਭਾਗਾਂ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦੇ ਅੰਕੜੇ ਪੇਸ਼ ਕਰਦਿਆਂ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਆਪ ਸਰਕਾਰ ਦੇ ਪਹਿਲੇ ਸਾਲ ਵਿੱਚ 40,000 ਕਰੋੜ ਦਾ ਨਿਵੇਸ਼ ਆਇਆ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਵਿਰੋਧੀ ਆਗੂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਬੇਬੁਨਿਆਦ ਦੋਸ਼ ਲਗਾਉਂਦੇ ਹਨ ਕਿ ਇਨਵੈਸਟਰ ਪੰਜਾਬ ਤੋਂ ਬਾਹਰ ਜਾ ਰਹੇ ਹਨ। ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਕਾਂਗਰਸ ਦੀ ਪਿਛਲੀ ਸਰਕਾਰ ਦੇ ਪਹਿਲੇ ਸਾਲ 2017-18 ਵਿੱਚ ਸਿਰਫ਼ 5,000 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਈ ਸੀ ਅਤੇ ਮੁੱਖ ਮੰਤਰੀ ਮਾਨ 40,000 ਕਰੋੜ ਦੀ ਇਨਵੈਸਟਮੈਂਟ ਲੈ ਕੇ ਆਏ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗਪਤੀਆਂ ਦੀ ਸਲਾਹ ਨਾਲ ਇੱਕ ਨਵੀਂ ਉਦਯੋਗ ਨੀਤੀ ਬਣਾਈ ਗਈ ਹੈ ਅਤੇ ਹਰ ਤਿੰਨ ਮਹੀਨੇ ਬਾਅਦ ਸੈਕਟਰ-ਸਪੈਸ਼ਲ ਸੰਮੇਲਨ ਕਰਵਾਏ ਜਾਣਗੇ ਤਾਂ ਜੋ ਹਰ ਸੈਕਟਰ ਦਾ ਬਰਾਬਰ ਵਿਕਾਸ ਹੋਵੇ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਦਯੋਗ ਖੇਤਰ ਨੂੰ 3,000 ਕਰੋੜ ਰੁਪਏ ਦੀਆਂ ਸਬਸਿਡੀਆਂ ਅਤੇ ਪ੍ਰੋਤਸਾਹਨ ਦਿੱਤੇ ਗਏ ਅਤੇ ਅਗਲੇ ਸਾਲ ਇਹ 3700 ਕਰੋੜ ਰੁਪਏ ਤੱਕ ਜਾਰੀ ਕੀਤੇ ਜਾਣਗੇ। ਫੋਕਲ ਪੁਆਇੰਟਾਂ ਨੂੰ ਹੋਰ ਜ਼ਿਆਦਾ ਵਿਕਸਤ ਕੀਤਾ ਜਾਵੇਗਾ ਅਤੇ 15 ਨਵੇਂ ਉਦਯੋਗਿਕ ਪਾਰਕ ਲਗਾਏ ਜਾਣਗੇ। ਟੂਰਿਜ਼ਮ ਵਿਭਾਗ ਦੀ ਗੱਲ ਕਰਦਿਆਂ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਪੰਜਾਬ ਇੱਕ ਅਮੀਰ ਸੱਭਿਆਚਾਰ ਵਾਲਾ ਅਤੇ ਪ੍ਰਫੁੱਲਤ ਟੂਰਿਜ਼ਮ ਇੰਡਸਟਰੀ ਲਈ ਸੰਭਾਵੀ ਸੂਬਾ ਹੈ ਪਰ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਇਸਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਇਨਵੈਸਟਮੈਂਟ ਸੰਮੇਲਨ ਵਿਚ ਵਾਟਰ ਟੂਰਿਜ਼ਮ ਨੀਤੀ ਅਤੇ ਐਡਵੇਂਚਰ ਟੂਰਿਜ਼ਮ ਨੀਤੀ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੂਰਿਜ਼ਮ ਵਿਭਾਗ ਦੇ ਵਿਕਾਸ ਨਾਲ ਪੰਜਾਬ ਦਾ ਮਾਲੀਆ ਅਤੇ ਪੰਜਾਬੀਆਂ ਲਈ ਨੌਕਰੀਆਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੈਲੇਸ (ਮਹਿਲਾਂ) ਅਤੇ ਮਿਊਜ਼ੀਅਮਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਸਾਰੇ ਮੇਲਿਆਂ ਲਈ ਫੰਡ ਸਮੇਂ ਸਿਰ ਜਾਰੀ ਕੀਤੇ ਜਾ ਰਹੇ ਹਨ। 'ਆਪ' ਸਰਕਾਰ ਪੰਜਾਬ ਦੇ 23 ਜ਼ਿਲਿਆਂ ਵਿਚ ਜਲਦ ਹੀ ਹੈਰੀਟੇਜ ਫੈਸਟੀਵਲ ਕਰਵਾਏਗੀ ਜਿੱਥੇ ਹਰ ਜ਼ਿਲ੍ਹੇ ਨੂੰ ਆਪਣਾ ਵੱਖਰਾ ਸੱਭਿਆਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ। ਲੇਬਰ ਵਿਭਾਗ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ 1,36,000 ਨਵੇਂ ਕਾਮਿਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਆਖ਼ਿਰੀ ਸਾਲ 2021-22 ਵਿੱਚ 16,905 ਲੋਕਾਂ ਦੀਆਂ ਸਹੂਲਤਾਂ ਲਈ ਜਾਰੀ 33 ਕਰੋੜ ਦੇ ਮੁਕਾਬਲੇ 'ਆਪ'ਸਰਕਾਰ ਨੇ ਆਪਣੇ ਪਹਿਲੇ ਸਾਲ 2022-23 ਵਿੱਚ 61,764 ਲੋਕਾਂ ਦੀਆਂ ਸਹੂਲਤਾਂ ਲਈ 86 ਕਰੋੜ 65 ਲੱਖ ਰੁਪਏ ਜਾਰੀ ਕੀਤੇ ਅਤੇ ਇਹ ਅੰਕੜਾ ਅੱਗੇ ਵੀ ਇਸੇ ਤੇਜ਼ੀ ਨਾਲ ਵੱਧਦਾ ਰਹੇਗਾ। ਉਨ੍ਹਾਂ ਘੱਟੋ ਘੱਟ ਉਜਰਤ ਵਿਚ ਵਾਧੇ, ਕਾਮਿਆਂ ਦੀ ਸਹੂਲਤ ਲਈ ਜਾਰੀ ਐਪ ਅਤੇ ਜਾਗਰੂਕਤਾ ਕੈਂਪਾਂ ਦੇ ਆਯੋਜਨ ਦੀਆਂ ਉਪਲੱਬਧੀਆਂ ਵੀ ਗਿਣਵਾਈਆਂ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਅੱਗੇ ਵੀ ਲੋਕ ਭਲਾਈ ਦੇ ਕੰਮ ਇਸੇ ਗਤੀ ਨਾਲ ਜਾਰੀ ਰੱਖੇਗੀ।