ਲੁਧਿਆਣਾ, 08 ਜੁਲਾਈ : ਮਹਾਨਗਰ ਲੁਧਿਆਣਾ ਵਿੱਚ ਵਾਪਰੇ ਤੀਹਰੇ ਕਤਲ ਕਾਂਡ ਸੰਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੈਂਸ ਕੀਤੀ। ਉਨ੍ਹਾਂ ਦੱਸਿਆ ਕਿ ਸਲੇਮ ਟਾਬਰੀ ਇਲਾਕੇ ਵਿੱਚ ਉਨ੍ਹਾਂ ਦੇ ਘਰ ਵਿੱਚ ਬਜ਼ੁਰਗ ਚਮਨ ਲਾਲ (70), ਪਤਨੀ ਸੁਰਿੰਦਰ ਕੌਰ (67) ਅਤੇ ਬਚਨ ਕੌਰ (90) ਦੇ ਤੀਹਰੇ ਕਤਲ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾ ਲਈ। ਇਸ ਕਤਲ ਦੀ ਵਾਰਦਾਤ ਨੂੰ ਗੁਆਂਢੀ ਰੌਬਿਨ ਉਰਫ਼ ਮੁੰਨਾ (32) ਨੇ ਅੰਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਵਾਰਦਾਤ ਲੁੱਟ ਦੀ ਨੀਅਤ ਨਾਲ ਨਹੀਂ ਸਗੋਂ ਹੋਰ ਕਾਰਨ ਸੀ। ਕਿਉਂਕਿ ਕੋਈ ਵੀ ਲੁਟੇਰਾ ਲੁੱਟ-ਖੋਹ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਦੋਸ਼ੀ ਨੇ ਗੈਸ ਸਿਲੰਡਰ ਨੂੰ ਖੋਲ੍ਹ ਕੇ ਅਗਰਵਤੀ ਜਗਾ ਦਿੱਤੀਆਂ ਤਾਂ ਕਿ ਹਰ ਕੋਈ ਸੋਚੇ ਕਿ ਸਿਲੰਡਰ ਫਟਣ ਨਾਲ ਮੌਤ ਹੋ ਗਈ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਹਥੌੜੇ ਨਾਲ ਮਾਰ ਕੇ ਕਤਲ (Murder) ਕਰ ਦਿੱਤਾ। ਉਕਤ ਵਿਅਕਤੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੌਰ ਹਮੇਸ਼ਾ ਉਸ ਨੂੰ ਬੇਔਲਾਦ ਹੋਣ ਦਾ ਮਿਹਣਾ ਮਾਰਦੀ ਰਹਿੰਦੀ ਸੀ, ਉਕਤ ਪਰਿਵਾਰ ਉਸ ਨੂੰ ਵਾਰ-ਵਾਰ ਕਹਿੰਦਾ ਸੀ ਕਿ ਉਸ ਦੇ ਬੱਚੇ ਕਿਉਂ ਨਹੀਂ ਹੋ ਰਹੇ । ਇਸੇ ਕਾਰਨ ਉਕਤ ਵਿਅਕਤੀ ਨੇ ਤਿੰਨਾਂ ਦਾ ਕਤਲ ਕਰ ਦਿੱਤਾ। ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ਦੀ ਪਤਨੀ ਦਾ ਕੋਈ ਕਸੂਰ ਨਹੀਂ ਹੈ, ਇਸ ਲਈ ਉਸ ਨੂੰ ਤੰਗ ਨਾ ਕੀਤਾ ਜਾਵੇ। ਮੁਲਜ਼ਮ ਵੱਲੋਂ ਸਬੂਤਾਂ ਨੂੰ ਨਸ਼ਟ ਕਰਨ ਲਈ ਘਰ ਵਿੱਚ ਲਾਈ ਗਈ ਅਗਰਵਤੀ ਨੇ ਕਾਤਲ ਤੱਕ ਪਹੁੰਚਾ ਦਿੱਤਾ ਹੈ, ਜਦੋਂ ਪੁਲਿਸ ਨੇ ਜਾਂਚ ਲਈ ਪਹੁੰਚ ਕੇ ਅੰਦਰ ਕੁਰਸੀ ’ਤੇ ਪਏ ਅਗਰਵਤੀ ਦੇ ਲਿਫਾਫੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸੇ ਕੰਪਨੀ ਦੀ ਧੂਪ ਨੇੜੇ ਦੀ ਦੁਕਾਨ ‘ਤੇ ਵੇਚੀ ਗਈ ਸੀ,ਇਸ ਤੋਂ ਸਪੱਸ਼ਟ ਹੋ ਗਿਆ ਕਿ ਕਾਤਲ ਨੇ ਇੱਥੋਂ ਖਰੀਦਿਆ ਸੀ। ਜਦੋਂਕਿ ਮੁਲਜ਼ਮ ਨੌਜਵਾਨ ਘਰੋਂ ਗਾਇਬ ਸੀ, ਜਿਸ ਕਾਰਨ ਸ਼ੱਕ ਭਰੋਸੇ ਵਿੱਚ ਬਦਲਦਾ ਗਿਆ ਤਾਂ ਪੁਲਿਸ ਨੇ ਮਾਮਲਾ ਸੁਲਝਾ ਲਿਆ। ਦੱਸ ਦਈਏ ਕਿ ਕਤਲ ਕੀਤੀ ਗਈ 4 ਬੱਚਿਆਂ ਦੀ ਮਾਂ ਸੁਰਿੰਦਰ ਕੌਰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦੋਸ਼ੀ ਨੂੰ ਖੁਦ ਪਕਾ ਕੇ ਖੁਆਉਂਦੀ ਸੀ, ਜਦੋਂ ਉਸ ਦੀ ਪਤਨੀ ਝਗੜੇ ਤੋਂ ਬਾਅਦ ਪਠਾਨਕੋਟ ਸਥਿਤ ਆਪਣੇ ਪੇਕੇ ਘਰ ਚਲੀ ਗਈ ਸੀ। ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਉਸਦਾ ਕਾਤਲ ਬਣ ਜਾਵੇਗਾ।