- ਲਾਰੈਂਸ ਨੇ ਇੰਟਰਵਿਊ 'ਚ ਕਿਹਾ ਸਲਮਾਨ ਨੇ ਸਾਡੇ ਸਮਾਜ ਨੂੰ ਨੀਵਾਂ ਦਿਖਾਇਆ ਹੈ :
- ਪੁਲਿਸ ਪ੍ਰਸ਼ਾਸਨ ਦਾ ਦਾਅਵਾ, ਇੰਟਰਵਿਊ ਬਠਿੰਡਾ ਜੇਲ੍ਹ ’ਚ ਨਹੀਂ ਹੋਇਆ
- ਪੁਲਿਸ ਦੀ ਗਿ੍ਫਤ ’ਚ ਰਹਿਣ ਦੌਰਾਨ ਲਾਰੈਂਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ : ਪੁਲਿਸ ਕਮਿਸ਼ਨਰ ਜੈਪੁਰ
- ਪੰਜਾਬ ਤੇ ਰਾਜਸਥਾਨ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸਾਡੇ ਨਹੀਂ ਹੋਈ ਇੰਟਰਵਿਊ
- ਇਸ ਵੀਡੀਓ ਦਾ ਤਿਹਾੜ ਜੇਲ੍ਹ ਦਿੱਲੀ ਨਾਲ ਕੋਈ ਸਬੰਧ ਨਹੀਂ ਹੈ : ਜੇਲ੍ਹ ਪ੍ਰਸ਼ਾਸਨ
ਚੰਡੀਗੜ੍ਹ 15 ਮਾਰਚ : ਸਾਡੇ ਦੇਸ਼ ਦੀਆਂ ਜੇਲ੍ਹਾਂ ਕਿੰਨੀਆਂ ਸੁਰੱਖਿਅਤ ਹਨ? ਇਸ ਦੀ ਪੋਲ ਇਕ ਟੀ.ਵੀ.ਚੈਨਲ ਨੇ ਨੰਗਾ ਕਰ ਦਿੱਤੀ ਸੀ। ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲਾਰੈਂਸ ਇਸ ਸਮੇਂ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਉਸ ਨੇ ਇਹ ਇੰਟਰਵਿਊ ਰਾਜਸਥਾਨ ਪੁਲਿਸ ਦੀ ਹਿਰਾਸਤ 'ਚ ਰਹਿੰਦਿਆਂ ਦਿੱਤੀ ਹੈ ਜਾਂ ਬਠਿੰਡਾ ਜੇਲ੍ਹ 'ਚੋਂ... ਇਹ ਗੱਲ ਫਿਲਹਾਲ ਸਾਹਮਣੇ ਨਹੀਂ ਆਈ ਹੈ। ਇਸ ਇੰਟਰਵਿਊ ਦੇ ਵਾਇਰਲ ਹੋਣ ਤੋਂ ਬਾਅਦ ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਸਪੱਸ਼ਟ ਤੌਰ 'ਤੇ ਪਤਾ ਲੱਗਾ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਆਪਣੇ ਕੋਲ ਐਂਡਰਾਇਡ ਮੋਬਾਈਲ ਰੱਖਦੇ ਹਨ ਅਤੇ ਇੰਟਰਨੈਟ ਕਾਲਿੰਗ ਰਾਹੀਂ ਆਪਣੇ ਗੈਂਗ ਨੂੰ ਚਲਾਉਂਦੇ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਉਸਦੇ ਵਿਰੋਧੀ ਗੈਂਗ ਦਾ ਸਮਰਥਨ ਕਰਦਾ ਸੀ, ਉਸ ਨੂੰ ਸਮਝਾਇਆ ਗਿਆ, ਪਰ ਉਹ ਨਹੀਂ ਮੰਨਿਆ। ਇਸੇ ਕਾਰਨ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ। ਹੱਤਿਆ ਉਸਦੇ ਕਹਿਣ ’ਤੇ ਕੀਤੀ ਗਈ ਪਰ ਇਸਦੀ ਸਾਜ਼ਿਸ਼ ਕੈਨੇਡਾ ’ਚ ਰਹਿ ਰਹੇ ਉਸਦੇ ਸਾਥੀ ਗੋਲਡੀ ਬਰਾੜ ਨੇ ਹੀ ਰਚੀ ਸੀ। ਇਹ ਦਾਅਵਾ ਲਾਰੈਂਸ ਬਿਸ਼ਨੋਈ ਨੇ ਚੈਨਲ ਨੂੰ ਦਿੱਤੇ ਗਈ ਇੰਟਰਵਿਊ ’ਚ ਕੀਤਾ ਹੈ। ਹਾਲਾਂਕਿ ਇਹ ਇੰਟਰਵਿਊ ਕਿਸ ਜੇਲ੍ਹ ’ਚ ਹੋਈ, ਇਹ ਜਾਂਚ ਦਾ ਵਿਸ਼ਾ ਹੈ ਤੇ ਵਿਰੋਧੀ ਧਿਰਾਂ ਇਸਦੀ ਜਾਂਚ ਦੀ ਮੰਗ ਕਰ ਰਹੀਆਂ ਹਨ। ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਰਾਜਸਥਾਨ ਪੁਲਿਸ ਨੂੰ ਪੱਤਰ ਭੇਜ ਕੇ ਲਾਰੇਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਜੈਪੁਰ ਲੈ ਕੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਰੂਟ ਦਾ ਵੇਰਵਾ ਮੰਗਿਆ ਹੈ। ਉਥੇ ਹੀ ਇੰਟਰਵਿਊ ਪ੍ਰਸਾਰਿਤ ਹੋਣ ਦੇ 24 ਘੰਟੇ ਬਾਅਦ ਵੀ ਪੁਲਿਸ ਨੇ ਲਾਰੈਂਸ ਨਾਲ ਇਸ ਨੂੰ ਲੈ ਕੇ ਪੁੱਛਗਿੱਛ ਨਹੀਂ ਕੀਤੀ ਹੈ ਕਿ ਆਖਿਰ ਉਸਨੇ ਇਹ ਇੰਟਰਵਿਊ ਕਿਸ ਥਾਂ ਤੋਂ ਦਿੱਤੀ ਹੈ। ਲਾਰੈਂਸ ਨੇ ਇੰਟਰਵਿਊ ’ਚ ਦਾਅਵਾ ਕੀਤਾ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਤੋਂ ਵਸੂਲੀ ਗਈ ਰੰਗਦਾਰੀ ਦੀ ਰਕਮ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਖਰਚ ਕੀਤਾ ਗਿਆ ਸੀ। ਜਦੋਂ ਵੀ ਕਿਸੇ ਗੈਂਗ ਦੇ ਮੈਂਬਰ ਦੀ ਹੱਤਿਆ ਕੀਤੀ ਜਾਂਦੀ ਸੀ ਤਾਂ ਉਸਦੇ ਸਾਥੀਆਂ ’ਤੇ ਹੀ ਮਾਮਲਾ ਦਰਜ ਕਰਵਾਇਆ ਜਾਂਦਾ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਕੀ ਮਿੱਡੂਖੇੜਾ ਦੀ ਹੱਤਿਆ ਦਾ ਵੀ ਬਦਲਾ ਸੀ। ਬਿਸ਼ਨੋਈ ਨੇ ਕਿਹਾ ਕਿ ਨਿੱਤ ਦਿਨ ਉਸਦੇ ਨਾਂ ’ਤੇ ਵਪਾਰੀਆਂ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ ਪਰ ਪਿਛਲੇ ਚਾਰ ਪੰਜ ਸਾਲ ਤੋਂ ਉਸਨੇ ਕਿਸੇ ਤੋਂ ਰੰਗਦਾਰੀ ਨਹੀਂ ਮੰਗੀ ਹੈ। ਲਾਰੈਂਸ ਨੇ ਕਿਹਾ ਕਿ ਸਲਮਾਨ ਖਾਨ ਤੋਂ ਹਿਸਾਬ ਲੈਣਾ ਜ਼ਰੂਰੀ ਹੈ। ਉਸਦਾ ਹੰਕਾਰ ਤੋੜ ਕੇ ਰਹਾਂਗੇ। ਕਿਉਂਕਿ ਸਲਮਾਨ ਨੇ ਸਾਡੇ ਸਮਾਜ ਨੂੰ ਨੀਵਾਂ ਦਿਖਾਇਆ ਹੈ। ਸਾਡਾ ਸਮਾਜ ਰੱਖਾਂ ਤੇ ਜੀਵ ਜੰਤੂਆਂ ਨੂੰ ਕਾਫੀ ਮੰਨਦਾ ਹੈ। ਉਸਨੇ ਕਿਹਾ ਕਿ ਕਾਲੇ ਹਿਰਨ ਦੇ ਸ਼ਿਕਾਰ ਨੂੰ ਲੈ ਕੇ ਸਲਮਾਨ ਸਭ ਦੇ ਸਾਹਮਣੇ ਆ ਕੇ ਮਾਫੀ ਮੰਗੇ। ਬੀਕਾਨੇਰ ’ਚ ਸਾਡੇ ਸਮਾਜ ਦਾ ਮੰਦਰ ਹੈ। ਜੇ ਉਹ ਅਜਿਹਾ ਕਰ ਦਿੰਦਾ ਹੈ ਤਾਂ ਸਾਡਾ ਉਸ ਨਾਲ ਕੋਈ ਮਤਲਬ ਨਹੀਂ ਹੈ। ਅਜਿਹਾ ਨਹੀਂ ਕਰਦਾ ਤਾਂ ਅਸੀਂ ਆਪਣੇ ਤਰੀਕੇ ਨਾਲ ਹਿਸਾਬ ਕਰਾਂਗੇ।
ਪੁਲਿਸ ਪ੍ਰਸ਼ਾਸਨ ਦਾ ਦਾਅਵਾ, ਇੰਟਰਵਿਊ ਬਠਿੰਡਾ ਜੇਲ੍ਹ ’ਚ ਨਹੀਂ ਹੋਇਆ :
ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਨੂੰ ਲੈ ਕੇ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਰਹੀਆਂ ਹਨ, ਪਰ ਪੰਜਾਬ ਪੁਲਿਸ ਵੱਲੋਂ ਹਾਲੇ ਤਕ ਲਾਰੈਂਸ ਤੋਂ ਇਸ ਵਿਸ਼ੇ ਨੂੰ ਲੈ ਕੇ ਪੁੱਛਗਿੱਛ ਨਹੀਂ ਕੀਤੀ ਗਈ, ਕਿ ਉਸਨੇ ਇੰਟਰਵਿਊ ਕਿਸ ਜੇਲ੍ਹ ਜਾਂ ਕਿਸ ਥਾਂ ਦਿੱਤੀ। ਪੁਲਿਸ ਪ੍ਰਸ਼ਾਸਨ ਇਹ ਦਾਅਵਾ ਤਾਂ ਕਰ ਰਿਹਾ ਹੈ ਕਿ ਇੰਟਰਵਿਊ ਬਠਿੰਡਾ ਜੇਲ੍ਹ ’ਚ ਨਹੀਂ ਹੋਇਆ ਪਰ ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਿੱਥੋਂ ਦਿੱਤੀ। ਇਸ ਨੂੰ ਲੈ ਕੇ ਬਠਿੰਡਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਐੱਨਡੀ ਨੇਗੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਵੱਖ ਵੱਖ ਸੂਬਿਆਂ ਤੇ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾਂਦੀ ਰਹੀ ਹੈ। ਅਸੀਂ ਕੁਝ ਨਹੀਂ ਕਹਿ ਸਕਦੇ ਕਿ ਕਿਸਨੇ ਤੇ ਕਿੱਥੋਂ ਇੰਟਰਵਿਊ ਦੇਣ ਦਾ ਮੌਕਾ ਮਿਲਿਆ।
ਪੁਲਿਸ ਦੀ ਗਿ੍ਫਤ ’ਚ ਰਹਿਣ ਦੌਰਾਨ ਲਾਰੈਂਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ : ਪੁਲਿਸ ਕਮਿਸ਼ਨਰ ਜੈਪੁਰ
ਲਾਰੈਂਸ ਬਿਸ਼ਨੋਈ ਨੂੰ 24 ਸਤੰਬਰ 2022 ਨੂੰ ਬਠਿੰਡਾ ਜੇਲ੍ਹ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਇਸੇ ਸਾਲ 15 ਫਰਵਰੀ ਨੂੰ ਜੈਪੁਰ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ ਸੀ। ਇਸੇ ਮਹੀਨੇ ਜੈਪੁਰ ਪੁਲਿਸ 10 ਮਾਰਚ ਨੂੰ ਉਸ ਨੂੰ ਵਾਪਸ ਬਠਿੰਡਾ ਜੇਲ੍ਹ ਛੱਡ ਕੇ ਗਈ ਹੈ। ਲਾਰੈਂਸ ਦੇ ਬਠਿੰਡਾ ਆਉਣ ਦੇ ਬਾਅਦ 11 ਮਾਰਚ ਨੂੰ ਤਲਵੰਡੀ ਸਾਬੋ ਥਾਣੇ ਦੀ ਪੁਲਿਸ ਇਕ ਮਾਮਲੇ ’ਚ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ ਸੀ ਤੇ 12 ਮਾਰਚ ਨੂੰ ਬਠਿੰਡਾ ਜੇਲ੍ਹ ਛੱਡ ਗਈ। ਜੈਪੁਰ ਦੇ ਪੁਲਿਸ ਕਮਿਸ਼ਨਰ ਆਨੰਦ ਸ਼੍ਰੀਵਾਸਤਵ ਨੇ ਕਿਹਾ ਕਿ ਜੈਪੁਰ ਪੁਲਿਸ ਦੀ ਗਿ੍ਫਤ ’ਚ ਰਹਿਣ ਦੌਰਾਨ ਲਾਰੈਂਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਸੀ।
ਪੰਜਾਬ ਤੇ ਰਾਜਸਥਾਨ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸਾਡੇ ਨਹੀਂ ਹੋਈ ਇੰਟਰਵਿਊ
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐੱਨਡੀ ਨੇਗੀ ਨੇ ਕਿਹਾ ਕਿ ਲਾਰੈਂਸ ਦੀ ਇੰਟਰਵਿਊ ਬਠਿੰਡਾ ਜੇਲ੍ਹ ’ਚ ਨਹੀਂ ਹੋਈ। ਪਿਛਲੇ ਇਕ ਮਹੀਨੇ ’ਚ ਉਸ ਨੂੰ ਬਠਿੰਡਾ ਤੋਂ ਰਾਜਸਥਾਨ ਤੇ ਰਾਜਸਥਾਨ ਤੋਂ ਬਠਿੰਡਾ ਲਿਆਂਦਾ ਗਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਇੰਟਰਵਿਊ ਕਿੱਥੇ ਹੋਈ।
ਇਸ ਵੀਡੀਓ ਦਾ ਤਿਹਾੜ ਜੇਲ੍ਹ ਦਿੱਲੀ ਨਾਲ ਕੋਈ ਸਬੰਧ ਨਹੀਂ ਹੈ : ਜੇਲ੍ਹ ਪ੍ਰਸ਼ਾਸਨ
ਦਿੱਲੀ ’ਚ ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਾਰੈਂਸ ਨੂੰ ਪੰਜਾਬ ਪੁਲਿਸ ਪਿਛਲੇ ਸਾਲ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ ਸੀ। ਇਸ ਵੀਡੀਓ ਦਾ ਤਿਹਾੜ ਜੇਲ੍ਹ ਨਾਲ ਕੋਈ ਸਬੰਧ ਨਹੀਂ ਹੈ।