ਅੰਮ੍ਰਿਤਸਰ, 17 ਮਾਰਚ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਵਲੋਂ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਤਹਿਤ ਦੁਬਈ ਤੋਂ ਆ ਰਹੇ ਇਕ ਯਾਤਰੀ ਕੋਲੋਂ 2 ਕਿਲੋ ਸੋਨਾ ਬਰਾਮਦ ਹੋਇਆ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 1 ਕਰੋੜ 31 ਲੱਖ 60 ਹਜ਼ਾਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੁਬਈ ਤੋਂ ਏਅਰ ਇੰਡੀਆ ਦੀ ਇਕ ਉਡਾਣ ਬੀਤੀ ਰਾਤ 12.30 ਵਜੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ। ਐਂਟੀ ਸਮਗਲਿੰਗ ਅੰਮ੍ਰਿਤਸਰ ਦੇ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਫਲਾਈਟ ਵਿਚ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ IX-198 ਦੀ ਚੈਕਿੰਗ ਦੌਰਾਨ ਸੋਨਾ ਮਿਲਿਆ। ਜਿਸ ਨੂੰ ਸ਼ਾਇਦ ਕੁਝ ਯਾਤਰੀ ਕਸਟਮ ਦੇ ਡਰੋਂ ਫਲਾਈਟ 'ਚ ਛੱਡ ਕੇ ਚਲੇ ਗਏ। ਕਸਟਮ ਨੂੰ ਮਿਲਿਆ ਸੋਨਾ ਬਿਸਕੁਟ ਦੇ ਰੂਪ ਵਿੱਚ ਸੀ। ਜਹਾਜ਼ ਦੀ ਸੀਟ ਦੇ ਹੇਠਾਂ 24k ਸ਼ੁੱਧਤਾ ਵਾਲੇ ਦੋ ਬਿਸਕੁਟ ਮਿਲੇ ਹਨ। ਕਸਟਮ ਵਿਭਾਗ ਨੇ ਸੋਨਾ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਨੂੰ ਕੁਝ ਦਿਨਾਂ ਲਈ ਕਸਟਮ ਵਿਭਾਗ ਦੀ ਹਿਰਾਸਤ 'ਚ ਰੱਖਿਆ ਜਾਵੇਗਾ ਅਤੇ ਜੇਕਰ ਕੋਈ ਇਸ 'ਤੇ ਦਾਅਵਾ ਨਹੀਂ ਕਰਦਾ ਤਾਂ ਇਸ ਦੀ ਨਿਲਾਮੀ ਕੀਤੀ ਜਾਵੇਗੀ।