
ਬਠਿੰਡਾ, 07 ਮਈ 2025 : ਅਕਲੀਆ ਪਿੰਡ ਵਿੱਚ ਮੰਗਲਵਾਰ ਦੇਰ ਰਾਤ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਡਿੱਗਣ ਕਾਰਨ ਉੱਥੇ ਖੜ੍ਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੰਜ ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਜਹਾਜ਼ ਦੇ ਕਈ ਹਿੱਸੇ ਨੇੜਲੇ ਕਈ ਪਿੰਡਾਂ ਵਿੱਚ ਵੀ ਡਿੱਗ ਪਏ ਹਨ। ਜਹਾਜ਼ ਨੂੰ ਅੱਗ ਲੱਗ ਗਈ ਹੈ। ਫੌਜ ਨੇ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਲੋਕ ਕਹਿ ਰਹੇ ਹਨ ਕਿ ਉਕਤ ਜਹਾਜ਼ ਪਾਕਿਸਤਾਨੀ ਹੈ। ਜ਼ਾਹਿਰ ਹੈ ਕਿ ਇਸ ਦੀ ਪੁਸ਼ਟੀ ਸਿਰਫ਼ ਭਾਰਤੀ ਫੌਜ ਦੇ ਅਧਿਕਾਰੀ ਹੀ ਕਰਨਗੇ। ਜਿਸ ਜਗ੍ਹਾ 'ਤੇ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਉਸ ਜਗ੍ਹਾ ਨੂੰ ਭਾਰਤੀ ਫੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੀਡੀਆ ਕਰਮਚਾਰੀਆਂ ਨੂੰ ਵੀ ਨੇੜੇ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਤੋਂ ਇਲਾਵਾ ਫੌਜ ਦੀ ਕਰੇਨ ਰਾਹੀਂ ਡਿੱਗੇ ਹੋਏ ਜਹਾਜ਼ ਨੂੰ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਹਾਜ਼ ਹਾਦਸੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਅਕਲੀਆ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਭਾਰਤੀ ਫੌਜ ਦੇ ਅਧਿਕਾਰੀ ਪੂਰੀ ਘਟਨਾ ਦਾ ਖੁਲਾਸਾ ਮੀਡੀਆ ਨੂੰ ਕਰ ਸਕਦੇ ਹਨ।