ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਨੇ 50 ਏਕੜ ’ਚ ਨਰਮੇ ਦੀ ਫਸਲ ਵਾਹੀ

ਬਠਿੰਡਾ (ਅਮਨ ਬਾਵਾ) : ਰਾਮਪੁਰਾ ਫੂਲ ਦੇ ਨੇੜਲੇ ਪਿੰਡ ਗਿਆਨਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ 50 ਏਕੜ ਤੋਂ ਵੱਧ ਰਕਬੇ ਵਿੱਚ ਨਰਮੇ ਦੀ ਫਸਲ ਵਾਹ ਦਿੱਤੀ ਹੈ।
          ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਸਵਾਰ ਨਰਮਾ ਨਹੀਂ ਸੀ ਬੀਜਣਾ ਚਾਹੁੰਦੇ, ਪਰ ਖੇਤੀਬਾੜੀ ਵਿਭਾਗ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ ਕਿ ਉਨ੍ਹਾਂ ਦੀ ਪੂਰੀ ਮੱਦਦ ਕੀਤੀ ਜਾਵੇਗੀ। ਕਿਸਾਨਾਂ ਨੇ ਦੱਸਿਆ ਕਿ ਹੁਣ ਖੇਤੀਬਾੜੀ ਵਿਭਾਗ ਤੇ ਪੰਜਾਬ ਸਰਕਾਰ ਦੋਵਾਂ ਨੇ ਕਿਸਾਨਾਂ ਦੀ ਬਾਂਹ ਤਾਂ ਕੀ ਫੜਨੀ ਸੀ, ਸਗੋਂ ਆਪਣੀ ਗੱਲ ਤੋਂ ਭੱਜ ਗਏ ਹਨ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਖੇਤੀਬਾੜੀ ਮੰਤਰੀ ਵੱਲੋਂ ਇਸ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਤੇ ਗੁਲਾਬੀ ਸੁੰਡੀ ਦੀ ਕਾਰਨ ਖਰਾਬ ਹੋਈ ਫਸਲ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਸਨ, ਪਰ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕੁੱਝ ਨਹੀਂ ਹੋਇਆ। ਉਹਨਾਂ ਕਿਹਾ ਕਿ ਹੋਰ ਬਹੁਤ ਸਾਰੇ ਕਿਸਾਨ ਨਰਮਾ ਵਾਹੁਣ ਲਈ ਤਿਆਰ ਖੜ੍ਹੇ ਹਨ, ਪਰ ਪੰਜਾਬ ਸਰਕਾਰ ਤੋਂ ਗਿਰਦਾਵਰੀ ਅਤੇ ਮੁਆਵਜ਼ੇ ਦੀ ਆਸ ਲਗਾਈ ਬੈਠੇ ਹਨ।