ਦੀਨਾਨਗਰ, 06 ਜੁਲਾਈ 2024 : ਗੁਰਦਾਸਪੁਰ ਤੋਂ ਦੀਨਾਨਗਰ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਹਿਤੇਸ਼ ਅੱਗਰਵਾਲ ਪੁੱਤਰ ਮਨੋਜ ਸਿੰਗਲਾ ਅਤੇ ਵਰੁਣ ਮਹਾਜ਼ਨ ਪੁੱਤਰ ਭਾਰਤ ਭੂਸ਼ਨ ਮਹਾਜ਼ਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਿਤੇਸ਼ ਅੱਗਰਵਾਲ ਤੇ ਵਰੁਣ ਮਹਾਜ਼ਨ ਬੀਤੀ ਰਾਤ ਕਰੀਬ 10 ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਦੀਨਾਨਗਰ ਦੇ ਜੀਟੀ ਰੋਡ ਤੇ ਸਥਿਤ ਭਾਰਤ ਇੰਡਸਟਰੀਜ਼ ਨੇੜੇ ਪੁੱਜੇ ਤਾਂ ਦੂਸਰੀ ਸਾਇਡ ਤੋਂ ਆ ਰਹੀ ਇੱਕ ਤੇਜ਼ ਰਫਤਾਰ ਇਨੋਵਾ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ ਤੇ ਮੌਜ਼ੂਦ ਲੋਕਾਂ ਅਨੁਸਾਰ ਇਨੋਵਾ ਗੱਡੀ ਅੇਨੀ ਤੇਜ਼ ਦੀ ਕਿ ਮੋਟਰਸਾਈਕਲ ਤੇ ਇੱਕ ਨੌਜਵਾਨ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ, ਜਦੋਂ ਕਿ ਦੂਸਰਾ ਨੌਜਵਾਨ ਹਵਾ ਵਿੱਚ ਉੱਡ ਕੇ ਸੜਕ ਦੇ ਕਿਨਾਰੇ ਤੇ ਜਾ ਡਿੱਗਾ। ਜਿਸ ਨੂੰ ਜਖ਼ਮੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਿਤੇਸ਼ ਅਗਰਵਾਲ ਐਮਬੀਏ ਪਾਸ ਹੈ ਅਤੇ ਆਪਣੇ ਪਿਤਾ ਨਾਲ ਕਾਰੋਬਾਰ ਦੇਖਦਾ ਸੀ, ਜਦੋਂ ਕਿ ਵਰੁਣ ਮਹਾਜਨ ਬੀ ਫਾਰਮੇਸੀ ਕਰਕੇ ਇੱਕ ਕੰਪਨੀ ਵਿੱਚ ਐਮਆਰ ਵਜੋਂ ਕੰਮ ਕਰਦਾ ਸੀ। ਉਹ ਗੁਰਦਾਸਪੁਰ ਵਿੱਚ ਮੈਡੀਕਲ ਸਟੋਰ ਚਲਾ ਰਹੇ ਆਪਣੇ ਪਿਤਾ ਨਾਲ ਵੀ ਕੰਮ ਕਰਦਾ ਸੀ। ਹਾਦਸੇ ਤੋਂ ਕੁਝ ਮਿੰਟ ਪਹਿਲਾਂ ਹਿਤੇਸ਼ ਅਗਰਵਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਨ 'ਤੇ ਗੱਲ ਕੀਤੀ ਸੀ। ਉਸ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਹ ਘਰ ਵਾਪਸ ਪਰਤ ਰਹੇ ਹਨ ਅਤੇ ਪਨਿਆੜ ਪਹੁੰਚ ਗਏ ਹਨ। ਹਾਦਸੇ ਸਬੰਧੀ ਥਾਣਾ ਦੀਨਾਨਗਰ ਵਿੱਚ ਕੇਸ ਦਰਜ ਕਰਕੇ ਇਨੋਵਾ ਚਾਲਕ ਨਰਦੇਵ ਸਿੰਘ ਪੁੱਤਰ ਸ਼ਿਵਦੇਵ ਸਿੰਘ ਵਾਸੀ ਆਰੀਆ ਨਗਰ ਦੀਨਾਨਗਰ ਨੂੰ ਹਿਰਾਸਤ ਵਿੱਚ ਲੈ ਕੇ ਇਨੋਵਾ ਜ਼ਬਤ ਕਰ ਲਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ।