- ਜਮਹੂਰੀ ਤਰੀਕੇ ਨਾਲ ਚੁਣੀ ਸੂਬਾ ਸਰਕਾਰ ਨੂੰ ਭੰਗ ਕਰਨ ਦੇ ਇੱਛੁਕ ਬਾਜਵਾ ਦੀ ਕੀਤੀ ਆਲੋਚਨਾ
ਚੰਡੀਗੜ੍ਹ, 26 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (ਭਾਜਪਾ) ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਉਹ ਦਿਨੇ ਸੁਪਨੇ ਲੈਣੇ ਛੱਡ ਦੇਣ ਕਿਉਂਕਿ ਉਨ੍ਹਾਂ ਦੀਆਂ ਸੂਬੇ ਦਾ ਮੁੱਖ ਮੰਤਰੀ ਬਣਨ ਦੀਆਂ ਖਾਹਿਸ਼ਾਂ ਕਦੇ ਵੀ ਹਕੀਕੀ ਰੂਪ ਨਹੀਂ ਲੈਣਗੀਆਂ। ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ (ਭਾਜਪਾ) ਇਸ ਮੁੱਦੇ ਉਤੇ ਨਿਰਾਧਾਰ ਬਿਆਨ ਜਾਰੀ ਕਰ ਕੇ ਹਵਾਈ ਕਿਲੇ ਉਸਾਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਦੇ ਇਹ ਖ਼ਿਆਲੀ ਬਿਆਨ ਉਨ੍ਹਾਂ ਦੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਤੋਂ ਪ੍ਰੇਰਿਤ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ ਬੀਤੇ ਸਮੇਂ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਸੀ ਅਤੇ ਹੁਣ ਫਿਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਕਦੇ ਬੂਰ ਨਹੀਂ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਬਾਜਵਾ ਜਮਹੂਰੀ ਤੌਰ ਉਤੇ ਚੁਣੀ ਸਰਕਾਰ ਨੂੰ ਭੰਗ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਬਾਜਵਾ ਇੰਨੇ ਹੀ ਦਲੇਰ ਹਨ ਤਾਂ ਉਨ੍ਹਾਂ ਨੂੰ ਇਸ ਮੁੱਦੇ ਉਤੇ ਆਪਣੀ ਹਾਈ ਕਮਾਂਡ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਇਸ ਮੁੱਦੇ ਉਤੇ ਹਵਾਈ ਕਿਲੇ ਉਸਾਰ ਕੇ ਲੋਕਾਂ ਨੂੰ ਗੁਮਰਾਹ ਕਰਨ ਲਈ ਨਿਰਾਧਾਰ ਤੇ ਤਰਕਹੀਣ ਬਿਆਨ ਜਾਰੀ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਨੇ ਚੁਣਿਆ ਹੈ ਅਤੇ ਬਾਜਵਾ ਨੂੰ ਸੱਤਾ ਹਾਸਲ ਕਰਨ ਲਈ ਆਪਣੇ ਨਾਪਾਕ ਮਨਸੂਬਿਆਂ ਦੇ ਕਾਮਯਾਬ ਹੋਣ ਦੇ ਸੁਪਨੇ ਲੈਣੇ ਛੱਡ ਦੇਣੇ ਚਾਹੀਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਲੋਕਾਂ ਦੇ ਫ਼ਤਵੇ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ, ਨਹੀਂ ਤਾਂ ਸੂਬੇ ਦੇ ਬਸ਼ਿੰਦੇ ਉਨ੍ਹਾਂ ਨੂੰ ਇਸ ਗੁਨਾਹ ਲਈ ਸਬਕ ਸਿਖਾ ਦੇਣਗੇ। ਉਨ੍ਹਾਂ ਬਾਜਵਾ ਨੂੰ ਚੇਤੇ ਕਰਵਾਇਆ ਕਿ ਉਹ (ਮੁੱਖ ਮੰਤਰੀ) ਲੋਕਾਂ ਦੇ ਆਗੂ ਹਨ, ਜਦੋਂ ਕਿ ਵਿਰੋਧੀ ਧਿਰ ਦੇ ਆਗੂ ਆਪਣੀਆਂ ਗੁੱਝੀਆਂ ਚਲਾਕੀਆਂ ਲਈ ਬਦਨਾਮ ਹਨ।