ਬੁੱਢੇ ਨਾਲੇ ਨੂੰ ਬੰਨ ਲਾਉਣ ਲਈ ਜਥੇਬੰਦੀਆਂ ਦਾ ਵੱਡਾ ਪ੍ਰਦਰਸ਼ਨ! ਲੱਖਾ ਸਿਧਾਣਾ ਸਮੇਤ ਕਈ ਆਗੂ ਪੁਲਿਸ ਨੇ ਹਿਰਾਸਤ 'ਚ ਲਏ

ਲੁਧਿਆਣਾ, 03 ਦਸੰਬਰ 2024 : ਲੁਧਿਆਣਾ ’ਚ ਸਥਿਤ ਬੁੱਢਾ ਨਾਲੇ ਦੇ ਕਾਲੇ ਪਾਣੀ ਨੂੰ ਲੈ ਕੇ ਸ਼ਹਿਰ ’ਚ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ। ਦੱਸ ਦਈਏ ਕਿ ਡਾਇੰਗ ਇੰਡਸਟਰੀ ਅਤੇ ਪਬਲਿਕ ਐਕਸ਼ਨ ਕਮੇਟੀ ਵੇਰਕਾ ਮਿਲਕ ਪਲਾਂਟ ਇਸ ਸਮੇਂ ਆਹਮੋ ਸਾਹਮਣੇ ਹੋਏ ਪਏ ਹਨ। ਦਰਅਸਲ ਪਬਲਿਕ ਐਕਸ਼ਨ ਕਮੇਟੀ ਵੇਰਕਾ ਮਿਲਕ ਪਲਾਂਟ ਵੱਲੋਂ ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 23 ਜਥੇਬੰਦੀਆਂ ਵੱਲੋਂ ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਪਾਸੇ ਡਾਇੰਗ ਇੰਡਸਟਰੀ ਦੇ ਮਾਲਕ ਮਜ਼ਦੂਰਾਂ ਨੂੰ ਇਕੱਠੇ ਕਰਕੇ ਘੇਰਾਬੰਦੀ ਕਰਕੇ ਬੈਠੇ ਹੋਏ ਹਨ ਅਤੇ ਦੂਜੇ ਪਾਸੇ ਪਬਲਿਕ ਐਕਸ਼ਨ ਕਮੇਟੀ ਵੇਰਕਾ ਮਿਲਕ ਪਲਾਂਟ ਦੇ ਕੋਲ ਇੱਕ ਵੱਡਾ ਇਕੱਠ ਕਰਕੇ ਬੈਠੇ ਹੋਏ ਹਨ। ਜੋ ਕਿ ਬੁੱਢੇ ਨਾਲੇ ਨੂੰ ਬੰਨ੍ਹ ਲਾਉਣ ਦੇ ਲਈ ਆਏ ਹਨ। ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਕਾਲੀ ਪਾਣੀ ਮੋਰਚੇ ਦੇ ਆਗੂ ਤੇ ਫਿਲਮ ਨਿਰਮਾਤਾ ਅਮਿਤੋਜ ਮਾਨ ਅਤੇ ਸੈਂਕੜੇ ਸਮਰਥਕ ਪੁਲਿਸ ਦੀਆਂ ਰੋਕਾਂ ਨੂੰ ਹਟਾ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਭਾਰੀ ਭੀੜ ਨੂੰ ਵੇਖਦੇ ਹੋਏ ਪੁਲਿਸ ਬੇਬਸ ਨਜ਼ਰ ਆ ਰਹੀ ਹੈ। ਉਨ੍ਹਾਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਹਨ, ਪੁਲਿਸ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜੋ ਪੰਜਾਬ ਦੇ ਪਾਣੀ ਨੂੰ ਬਚਾਉਣਾ ਚਾਹੁੰਦੇ ਹੋਣ ਉਨ੍ਹਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੋਰਚੇ 'ਚੋਂ ਸੈਂਕੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਿਸ ਨੂੰ ਕਿ ਰੰਗਾਈ ਕਾਰਖਾਨੇਦਾਰਾਂ ਤੇ ਹੋਰਨਾਂ ਨੇ ਬੁੱਢਾ ਨਾਲਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਨਜੀਟੀ ਤੇ ਕੇਂਦਰੀ ਪ੍ਰਦੂਸ਼ਣ ਪ੍ਰੋਡਿਊਸ਼ਨ ਰੋਕਥਾਮ ਬੋਰਡ ਵੱਲੋਂ ਬੁੱਢੇ ਨਾਲੇ 'ਚ ਕਿਸੇ ਵੀ ਕਿਸਮ ਦਾ ਪਾਣੀ ਪਾਉਣ 'ਤੇ ਰੋਕ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਸਰਕਾਰ ਦੀ ਸ਼ਹਿ ਤੇ ਰੰਗਾਈ ਕਾਰਖਾਨੇਦਾਰ ਬੁੱਢਾ ਨਾਲੇ ਵਿੱਚ ਪਾਣੀ ਪਾ ਰਹੇ ਹਨ। ਕਾਲੇ ਪਾਣੀ ਦੇ ਮੋਰਚੇ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਸਮਰਥਕਾਂ ਨੇ ਲੁਧਿਆਣਾ-ਫਿਰੋਜ਼ਪੁਰ ਸੜਕ ਦਾ ਇੱਕ ਪਾਸਾ ਆਵਾਜਾਈ ਲਈ ਬੰਦ ਕਰ ਦਿੱਤਾ। ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਲੋਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ। ਲੋਕਾਂ ਵੱਲੋਂ ਪੰਜਾਬ ਸਰਕਾਰ, ਪਾਣੀ ਨੂੰ ਜ਼ਹਿਰੀਲਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬੁੱਢੇ ਨਾਲੇ ਨੂੰ ਲੈ ਕੇ ਤਾਜਪੁਰ ਰੋਡ ’ਤੇ ਪੁਲਿਸ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚਾਲੇ ਧੱਕਾਮੁੱਕੀ ਹੋਈ। ਇਸ ਦੌਰਾਨ ਸਿੱਖ ਨੌਜਵਾਨ ਦੀ ਪੱਗ ਵੀ ਉਤਰੀ। ਜਿਸ ਨੂੰ ਥਾਣੇ ਲਿਜਾ ਕੇ ਪੁਲਿਸ ਮੁਲਾਜ਼ਮ ਨੇ ਖ਼ੁਦ ਸਿੱਖ ਨੌਜਵਾਨ ਦੀ ਪੱਗ ਬਣੀ। ਡਾਇੰਗ ਕਾਰੋਬਾਰੀਆਂ ਵਲੋਂ ਤਾਜਪੁਰ ਰੋਡ ਵਿਖੇ ਪੀਡੀਏ ਦੇ ਬੈਨਰ ਹੇਠ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਅਤੇ ਵਰਕਰਾਂ ਦਾ ਸਾਹਮਣਾ ਕਰਨ ਲਈ ਹਜਾਰਾਂ ਦੀ ਗਿਣਤੀ ਚ ਇਕੱਠ ਕਰ ਲਿਆ ਗਿਆ ਹੈ। ਜਿਕਰਯੋਗ ਹੈ ਕਿ ਬੁੱਢਾ ਦਰਿਆ ਦੇ ਪ੍ਰਦੂਸ਼ਣ ਨੂੰ ਲੈਕੇ ਕਾਲੇ ਪਾਣੀ ਦੇ ਆਗੂ ਅਤੇ ਡਾਇੰਗ ਕਾਰੋਬਾਰੀ ਇਕ ਦੂਸਰੇ ਦੇ ਸਾਹਮਣੇ ਹਨ। ਦੋਨਾਂ ਧਿਰਾਂ ਵਲੋਂ ਭਾਰੀ ਇਕੱਠ ਕੀਤਾ ਜਾ ਰਿਹਾ ਹੈ ਅਜਿਹੇ ਵਿੱਚ ਦੋਨਾਂ ਧਿਰਾਂ ਚ ਤਕਰਾਰ ਵਧਣ ਨਾਲ ਮਹੌਲ ਖ਼ਰਾਬ ਹੋਣ ਦੀ ਸਥਿਤੀ ਬਣੀ ਹੋਈ ਹੈ। ਦੱਸ ਦਈਏ ਕਿ ਡਾਇੰਗ ਕਾਰੋਬਾਰੀਆਂ ਵਲੋਂ ਕਾਰੋਬਾਰੀਆਂ ਦਾ ਸਾਹਮਣਾ ਕਰਨ ਲਈ ਇਕ ਲੱਖ ਕਾਰੋਬਾਰੀਆਂ ਅਤੇ ਵਰਕਰਾਂ ਦਾ ਇਕੱਠ ਕਰਨ ਦੀ ਗੱਲ ਆਖੀ ਗਈ ਸੀ,ਜਿਸ ਤੋਂ ਬਾਅਦ ਅੱਜ ਸਵੇਰੇ ਹੀ ਤਾਜਪੁਰ ਰੋਡ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਇਕੱਠ ਨੂੰ ਦੇਖ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀ ਭੀੜ ਚ ਲੱਗਾ ਤਾਰ ਵਾਧਾ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦੋਪੈਹਰ ਤੱਕ ਲੋਕਾਂ ਦੀ ਸੰਖਿਆ ਇਕ ਲੱਖ ਤੋਂ ਸਕਦੀ ਹੈ। 

ਪੁਲਿਸ ਵੱਲੋਂ ਕੀਤੀ ਜਾ ਰਹੀ ਵਾਹਨਾਂ ਦੀ ਚੈਕਿੰਗ 
ਕਾਲੇ ਪਾਣੀ ਦਾ ਮੋਰਚਾ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਹਮਣੇ ਵਾਲੀ ਸੜਕ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੜਕ ਤੋਂ ਲੰਘਣ ਵਾਲੇ ਵਾਹਨਾਂ ਦੀ ਪੁਲਿਸ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈ ਵਿਅਕਤੀਆਂ ਨੂੰ ਪੁਲਿਸ ਨੇ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਸਾਰੇ ਵਾਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅੱਗੇ ਤੋਰਿਆ ਜਾ ਰਿਹਾ ਹੈ। ਕਾਲੇ ਪਾਣੀ ਦੇ ਮੋਰਚੇ ਨੂੰ ਸਫਲ ਬਣਾਉਣ ਲਈ ਪਿਛਲੇ ਦੋ ਮਹੀਨੇ ਤੋਂ ਵੱਖ-ਵੱਖ ਆਗੂਆਂ ਤੇ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਜਥੇਬੰਦੀਆਂ ਵੱਲੋਂ ਅੱਜ 12 ਵਜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਹਮਣੇ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਸੀ। ਲੋਕਾਂ ਦੇ ਇਕੱਠ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਪਹਿਲਾਂ ਹੀ ਪ੍ਰਬੰਧ ਕੀਤੇ ਗਏ ਹਨ। ਹਾਲ ਦੀ ਘੜੀ ਕਿਸੇ ਵੀ ਵਿਅਕਤੀ ਨੂੰ ਵਿਰਕਾ ਮਿਲਕ ਪਲਾਂਟ ਦੇ ਸਾਹਮਣੇ ਜਾਂ ਆਸ-ਪਾਸ ਖੜੇ ਹੋਣ ਨਹੀਂ ਦਿੱਤਾ ਜਾ ਰਿਹਾ। 

ਲੱਖਾ ਸਿਧਾਣਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ 
ਲੁਧਿਆਣਾ ਨੇੜਿਓਂ ਕਿਸੇ ਪਿੰਡ ਤੋਂ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਲੱਖਾ ਸਿਧਾਣਾ ਜਦੋਂ ਮੋਰਚਾ ਵਿੱਚ ਸ਼ਾਮਿਲ ਹੋਣ ਲਈ ਲੁਧਿਆਣੇ ਵੱਲ ਨੂੰ ਆ ਰਹੇ ਸਨ ਤਾਂ ਪੁਲਿਸ ਦੀਆਂ ਗੱਡੀਆਂ ਨੇ ਉਨ੍ਹਾਂ ਨੂੰ ਲੁਧਿਆਣਾ ਨੇੜੇ ਕਿਸੇ ਪਿੰਡ ਵਿਚ ਘੇਰਾ ਪਾ ਲਿਆ। ਉਸ ਸਮੇਂ ਲੱਖਾ ਸਿਧਾਣਾ ਫੇਸਬੁੱਕ 'ਤੇ ਲਾਈਵ ਸਨ ਤੇ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਲੱਖਾ ਸਿਧਾਣਾ ਦੀ ਗੱਡੀ ਦੀ ਭੰਨਤੋੜ ਕੀਤੀ। ਕਾਫੀ ਖਿੱਚ-ਧੂਹ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਹੈ।

ਸਿਮਰਨਜੀਤ ਸਿੰਘ ਮਾਨ ਨੂੰ ਕੀਤਾ ਨਜ਼ਰਬੰਦ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੀ ਕਿਲ੍ਹਾ ਹਰਨਾਮ ਸਿੰਘ ਰਿਹਾਇਸ਼ 'ਤੇ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ। ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਉਹਨਾਂ ਨੂੰ ਨਜ਼ਰਬੰਦ ਇਸ ਲਈ ਕੀਤਾ ਜਾ ਰਿਹਾ ਕਿ ਲੁਧਿਆਣਾ ਵਿਖੇ ਕਾਲੇ ਪਾਣੀਆਂ ਦੇ ਮੋਰਚੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸੀ।

ਆਗੂਆਂ ਤੇ ਸਮਰਥਕਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੜਕ ਨੂੰ ਜਾਮ ਰੱਖਿਆ ਜਾਵੇਗਾ।
ਜਦੋਂ ਤੱਕ ਮੋਰਚੇ ਦੇ ਆਗੂ ਲੱਖਾ ਸਿਧਾਣਾ, ਕੁਲਦੀਪ ਸਿੰਘ ਖਹਿਰਾ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਮੇਤ ਹੋਰ ਆਗੂਆਂ ਤੇ ਸਮਰਥਕਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੜਕ ਨੂੰ ਇਸੇ ਤਰ੍ਹਾਂ ਜਾਮ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਵਾਹਨ ਨੂੰ ਸੜਕ ਤੋਂ ਲੰਘਣ ਨਹੀਂ ਦਿੱਤਾ ਜਾਵੇਗਾ। 

2028 ਤੱਕ ਪੰਜਾਬ ਕੈਂਸਰ ਦੀ ਮਾਰ ਹੇਠ ਆ ਜਾਵੇਗਾ : ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇੱਕ ਸਰਵੇਖਣ ਅਨੁਸਾਰ 2028 ਤੱਕ ਪੰਜਾਬ ਕੈਂਸਰ ਦੀ ਮਾਰ ਹੇਠ ਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰਾਂ ਜਬਰ ਜ਼ੁਲਮ ਨਾਲ ਲੋਕਾਂ ਨੂੰ ਝੁਕਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਲੋਕਾਂ ਦੀ ਸ਼ਕਤੀ ਅੱਗੇ ਸਰਕਾਰਾਂ ਨੂੰ ਇੱਕ ਦਿਨ ਝੁੱਕਣਾ ਹੀ ਪੈਂਦਾ ਹੈ। ਉਹਨਾਂ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਮੋਰਚੇ ਦੇ ਸਮਰਥਨ ਵਿੱਚ ਆਏ ਲੋਕਾਂ ਨੂੰ ਹਿਰਾਸਤ ਵੀ ਲਿਆ ਜਾ ਰਿਹਾ ਹੈ, ਪਰ ਮੋਰਚਾ ਸਫਲ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਜਹਿਰੀਲੇ ਪਾਣੀ ਤੋਂ ਛੁਟਕਾਰਾ ਦਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ, ਪਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ।

ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ : ਡੱਲੇਵਾਲ
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਜਿਹੜੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣੇ। ਪਰ ਜੇਕਰ ਅੱਜ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਪਾਉਣ ਵਾਲਿਆਂ ਲਈ ਸਰਕਾਰ ਸ਼ੈਲਟਰ ਬਣੀ ਹੋਈ ਹੈ, ਤਾਂ ਇਸਦਾ ਮਤਲਬ ਸਿਰਫ਼ ਇਹੀ ਹੈ ਕਿ ਤੁਸੀ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਹੋ ਅਤੇ ਉਂਝ ਖੁਦ ਨੂੰ ਪੰਜਾਬ ਦੇ ਵਾਤਾਵਰਨ ਪ੍ਰੇਮੀ ਵੱਜੋਂ ਪੇਸ਼ ਕਰਦੇ ਹੋ।

1400 ਦੇ ਕਰੀਬ ਪੁਲਿਸ ਮੁਲਾਜਮਾਂ ਦੀ ਕੀਤੀ ਤੈਨਾਤੀ 
ਹਾਲਾਤਾਂ ਨੂੰ ਸੰਭਾਲਣ ਲਈ ਜੇਕਰ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ ਪੁਲਿਸ ਵਲੋਂ ਦਿੱਲੀ ਹਾਈਵੇ ਤੋਂ ਤਾਜਪੁਰ ਰੋਡ ਸੀਈਟੀਪੀਜ਼ ਪੁਆਇੰਟ ਤੱਕ ਸਿਰਫ਼ 4 ਜਗਾਹ ਹੀ ਬੇਰੀਗੇਟਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਲੇ ਪਾਣੀ ਦੇ ਆਗੂਆਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ 1400 ਦੇ ਕਰੀਬ ਪੁਲਿਸ ਮੁਲਾਜਮਾਂ ਦੀ ਤੈਨਾਤੀ ਕੀਤੀ ਗਈ ਜਿਨ੍ਹਾਂ ਵਲੋਂ ਸ਼ਹਿਰ ਦੇ ਐਂਟਰੀ ਪੁਆਇੰਟ ਤੇ ਸ਼ਹਿਰ ਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।