ਬਟਾਲਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ, ਦੋ ਗੈਂਗਸਟਰਾਂ ਨੂੰ ਲੱਗੀਆਂ ਗੋਲੀਆਂ

ਬਟਾਲਾ, 2 ਫਰਵਰੀ 2025 : ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਮੁੱਠਭੇੜ ’ਚ ਦੋ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ। ਇਹ ਪੂਰੀ ਘਟਨਾ ਬਟਾਲਾ ਦੇ ਪਿੰਡ ਸ਼ਾਹਪੁਰ ਜਾਜਨ ’ਚ ਵਾਪਰੀ ਹੈ। ਫਿਲਹਾਲ ਇਸ ਮੁੱਠਭੇੜ ਮਗਰੋਂ ਮੌਕੇ ’ਤੇ ਪੁਲਿਸ ਅਧਿਕਾਰੀ ਪਹੁੰਚ ਗਏ ਹਨ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਬਟਾਲਾ, ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ 17 ਨਵੰਬਰ ਅਤੇ 21 ਨਵੰਬਰ, 2024 ਨੂੰ ਸ਼ਾਮ 7:43 ਵਜੇ, ਮਹੇਸ਼ੀ ਜਨਰਲ ਸਟੋਰ, ਡੇਰਾ ਬਾਬਾ ਨਾਨਕ ਦੇ ਮਾਲਕ ਨੂੰ ਗੈਂਗਸਟਰ ਜੀਵਨ ਫੌਜੀ ਵੱਲੋਂ ਫਿਰੌਤੀ ਦੀ ਕਾਲ ਆਈ।ਜਿਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਐਫ.ਆਈ.ਆਰ ਨੰਬਰ 163/2024 ਦਰਜ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ 13 ਜਨਵਰੀ 2025 ਨੂੰ ਸ਼ਾਮ 6:35 ਵਜੇ ਦੋ ਅਣਪਛਾਤੇ ਵਿਅਕਤੀ ਮੇਨ ਬਾਜ਼ਾਰ, ਡੇਰਾ ਬਾਬਾ ਨਾਨਕ ਵਿਖੇ ਮੋਟਰਸਾਈਕਲ 'ਤੇ ਆਏ ਅਤੇ ਦੁਕਾਨਦਾਰ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਕਾਰਨ ਦਹਿਸ਼ਤ ਫੈਲ ਗਈ ਅਤੇ ਬਾਜ਼ਾਰ ਬੰਦ ਹੋ ਗਿਆ। ਘਟਨਾ ਤੋਂ ਬਾਅਦ, 14 ਜਨਵਰੀ, 2025 ਨੂੰ ਐਫ.ਆਈ.ਆਰ ਨੰਬਰ 05, ਬੀਐਨਐਸ ਦੀ ਧਾਰਾ 109, 111(5), ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਪੀ.ਐਸ. ਡੇਰਾ ਬਾਬਾ ਨਾਨਕ ਵਿਖੇ ਦਰਜ ਕੀਤੀ ਗਈ ਸੀ। ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਬਟਾਲਾ ਪੁਲਿਸ ਦੀ ਸੀਸੀਟੀਵੀ ਟ੍ਰੈਕਿੰਗ ਟੀਮ ਨੇ 3 ਘੰਟਿਆਂ ਵਿੱਚ 100 ਕਿਲੋਮੀਟਰ ਤੋਂ ਵੱਧ ਦੀ ਫੁਟੇਜ ਦਾ ਵਿਸ਼ਲੇਸ਼ਣ ਕਰਕੇ ਅਤੇ ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਨੂੰ ਤੈਨਾਤ ਕਰਕੇ ਮੁਲਜ਼ਮਾਂ ਨੂੰ ਟਰੇਸ ਕੀਤਾ। ਇਸ ਨਾਲ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਹੋਈ।  ਉਨ੍ਹਾਂ ਅੱਗੇ ਦੱਸਿਆ ਕਿ ਸਰਬਜੀਤ ਸਿੰਘ (ਉਰਫ਼ ਸੱਬਾ) ਪੁੱਤਰ ਅਵਤਾਰ ਸਿੰਘ ਵਾਸੀ ਮਲੂਕਵਾਲੀ, ਥਾਣਾ ਫਤਿਹਗੜ੍ਹ ਚੂੜੀਆਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ। ਸੁਨੀਲ ਮਸੀਹ (ਉਰਫ਼ ਲਾਭ) ਪੁੱਤਰ ਬਾਜਾ ਵਾਸੀ ਸ਼ਾਹਪੁਰ ਜਾਜਨ, ਥਾਣਾ ਡੇਰਾ ਬਾਬਾ ਨਾਨਕ ਨੂੰ ਗੁਜਰਾਤ ਪੁਲਿਸ ਦੇ ਸਹਿਯੋਗ ਨਾਲ ਵਡੋਦਰਾ, ਗੁਜਰਾਤ ਤੋਂ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਸਾਰੇ ਸਾਜ਼ਿਸ਼ਕਰਤਾਵਾਂ ਅਤੇ ਦੋਸ਼ੀਆਂ ਦੀ ਸਹਾਇਤਾ ਕਰਨ ਵਾਲੇ ਵਿਅਕਤੀਆਂ ਦੀ ਵੀ ਪਛਾਣ ਕੀਤੀ ਗਈ ਅਤੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ, ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਪੁਲਿਸ ਨੂੰ ਹਥਿਆਰ ਬਰਾਮਦ ਕਰਨ ਲਈ ਇੱਕ ਟਿਕਾਣੇ ਬਾਰੇ ਜਾਣਕਾਰੀ ਦਿੱਤੀ। ਹਥਿਆਰਾਂ ਦੀ ਬਰਾਮਦਗੀ ਦੌਰਾਨ ਮੁਲਜਮਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋਵੇਂ ਦੀ ਹਾਲਤ ਸਥਿਰ ਹੈ।