- ਮੂਸੇਵਾਲਾ ਦੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਈ, ਕਿਹਾ ਕਿ ਅਕਾਲੀ ਦਲ ਪਰਿਵਾਰ ਨੂੰ ਆਪਣੇ ਪੁੱਤਰ ਦਾ ਇਨਸਾਫ ਲੈਣ ਵਿਚ ਮਦਦ ਕਰੇਗਾ
- ਭਗਵੰਤ ਮਾਨ ਹੁਣ ਅਸਤੀਫਾ ਦੇਵੇ ਕਿਉਂਕਿ ਉਸਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਿਹਾ: ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 15 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਆਪਣੀ ਕੁਰਸੀ ’ਤੇ ਬਹਿਣੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਰਹਿ ਗਿਆ ਕਿਉਂਕਿ ਉਹ ਬਤੌਰ ਗ੍ਰਹਿ ਮੰਤਰੀ ਇੰਨੀ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ ਕਿ ਲੱਗਦਾ ਹੈ ਕਿ ਖਤਰਨਾਕ ਗੈਂਗਸਟਰ ਲਾਰੰਸ ਬਿਸ਼ਨੋਈ ਵਰਗੇ ਹੀ ਹੁਣ ਸੂਬਾ ਚਲਾ ਰਹੇ ਹਨ। ਲਾਰੰਸ ਬਿਸ਼ਨੋਈ ਵੱਲੋਂ ਦਿੱਤੀ ਇੰਟਰਵਿਊ ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਇੰਟਰਵਿਊ ਗੈਂਗਸਟਰ ਨੇ ਬਠਿੰਡਾ ਜੇਲ੍ਹ ਵਿਚ ਬੈਠ ਕੇ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚ ਜੇਲ੍ਹਾਂ ਨਹੀਂ ਚਲਾ ਸਕਦੀ ਜਿਥੇ ਗੈਂਗਸਟਰਾਂ ਦਾ ਰਾਜ ਹੈ ਤੇ ਉਹ ਮੋਬਾਈਲਾਂ ਦੀ ਸ਼ਰ੍ਹੇਆਮ ਵਰਤੋਂ ਕਰ ਰਹੇ ਹਨ ਤੇ ਆਪਣੇ ਵੱਲੋਂ ਕੀਤੇ ਕਤਲਾਂ ਤੇ ਵਸੂਲੀਆਂ ਫਿਰੌਤੀਆਂ ਬਾਰੇ ਫਖ਼ਰ ਮਹਿਸੂਸ ਕਰਦਿਆਂ ਦੱਸ ਰਹੇ ਹਨ। ਉਹਨਾਂ ਕਿਹਾ ਕਿ ਹਿਹ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦਾ ਸਪਸ਼ਟ ਮਾਮਲਾ ਹੈ ਤੇ ਭਗਵੰਤ ਮਾਨ ਨੇ ਸੱਤਾ ਵਿਚ ਬਣੇ ਰਹਿਣ ਦਾ ਹੱਕ ਗੁਆ ਲਿਆ ਹੈ। ਘਟਨਾ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਗੈਂਗਸਟਰ ਸ਼ਰ੍ਹੇਆਮ ਦੱਸ ਰਿਹਾ ਹੈ ਕਿ ਉਹ ਫੋਨਾਂ ਦੀ ਹਰ ਵੇਲੇ ਵਰਤੋਂ ਕਰਦਾ ਹੈ। ਉਹਨਾਂ ਕਿਹਾ ਕਿ ਗੈਂਗਸਟਰ ਬੜੇ ਮਾਣ ਨਾਲ ਇਹ ਵੀ ਦੱਸ ਰਿਹਾ ਹੈ ਕਿ ਉਸਨੇ ਆਪਣੇ ਸਾਥੀ ਗੋਲਡੀ ਬਰਾੜ ਤੇ ਰਿਸ਼ਤੇਦਾਰ ਸਚਿਨ ਬਿਸ਼ਨੋਈ ਨਾਲ ਰਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ ਤੇ ਉਸਨੂੰ ਅੰਜਾਮ ਦਿੱਤਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਬਿਸ਼ਨੋਈ ਗੈਂਗ ਅਨੇਕਾਂ ਗੈਂਗਵਾਰ ਵਿਚ ਸ਼ਾਮਲ ਰਿਹਾ ਹੈ ਤੇ ਇਸਨੇ ਜੇਲ੍ਹ ਵਿਚ ਆਪਣੇ ਵਿਰੋਧੀਆਂ ਦੇ ਕਤਲ ਕੀਤੇ ਹਨ। ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਆਪ ਸਰਕਾਰ ਉਹਨਾਂ ਨੂੰ ਜੇਲ੍ਹਾਂ ਵਿਚ ਆਪਣੀ ਦਹਿਸ਼ਤ ਫੈਲਾਉਣ ਦੀ ਆਗਿਆ ਦੇ ਰਹੀ ਹੈ ਤੇ ਉਹ ਜੇਲ੍ਹਾਂ ਦੀ ਵਰਤੋਂ ਕਤਲਾਂ ਤੇ ਫਿਰੌਤੀਆਂ ਵਸੂਲਣ ਦੀਆਂ ਯੋਜਨਾਵਾਂ ਘੜਨ ਵਾਸਤੇ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਬਿਸ਼ਨੋਈ ਦੀ ਇੰਟਰਵਿਊ ਦੇ ਸਮੇਂ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਇਹ ਇੰਟਰਵਿਊ ਉਦੋਂ ਦਿੱਤੀ ਗਈ ਹੈ ਜਦੋਂ ਮੂਸੇਵਾਲਾ ਦੇ ਪਰਿਵਾਰ ਨੇ ਆਪਣੇ ਪੁੱਤਰ ਵਾਸਤੇ ਇਨਸਾਫ ਲੈਣ ਤੇ ਉਸਦੀ ਸੁਰੱਖਿਆ ਵਾਪਸ ਲੈਣ ਦਾ ਸੋਸ਼ਲ ਮੀਡੀਆ ’ਤੇ ਖੁੱਲ੍ਹਾਸਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਦੀ ਮੁਹਿੰਮ ਵਿੱਢੀ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿਚ ਪੰਜਾਬੀ ਮਹਿਸੂਸ ਕਰਦੇ ਹਨ ਕਿ ਬਿਸ਼ਨੋਈ ਦੀ ਵਰਤੋਂ ਸਰਕਾਰ ਨੇ ਮੂਸੇਵਾਲਾ ਨੂੰ ਬਦਨਾਮ ਕਰਨ ਵਾਸਤੇ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬੀ ਇਹ ਵੀ ਮਹਿਸੂਸ ਕਰਦੇ ਹਨ ਕਿ ਮੁੱਖ ਮੰਤਰੀ ਨੇ ਗੈਂਗਸਟਰਾਂ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਕਾਨੂੰਨ ਵਿਵਸਥਾ ਵੀ ਹੁਣ ਉਹਨਾਂ ਦੀ ਸਰਕਾਰ ਦੇ ਵੱਸ ਵਿਚ ਨਹੀਂ ਰਹੀ ਜੋ ਕਿ ਅਜਨਾਲਾ ਪੁਲਿਸ ਥਾਣੇ ’ਤੇ ਹੋਏ ਹਮਲਿਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਤੋਂ ਵੀ ਸਾਬਤ ਹੁੰਦਾ ਹੈ। ਬਾਦਲ ਨੇ ਇਸ ਦੌਰਾਨ ਮੂਸੇਵਾਲਾ ਦੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਵੱਲੋਂ ਆਪਣੇ ਪੁੱਤਰ ਦਾ ਇਨਸਾਫ ਲੈਣ ਦੀ ਲੜਾਈ ਵਿਚ ਉਹਨਾਂ ਨਾਲ ਡੱਟ ਕੇ ਖੜ੍ਹਾ ਹੋਵੇਗਾ। ਉਹਨਾਂ ਨੇ ਮੂਸੇਵਾਲਾ ਦੀ ਵਿਰਾਸਤ ਦੀ ਬਦਨਾਮੀ ਕਰਨ ਵਾਸਤੇ ਲਾਰੰਸ ਬਿਸ਼ਨੋਈ ਰਾਹੀਂ ਸ਼ੁਰੂ ਕੀਤੀ ਮੁਹਿੰਮ ਦੀ ਵੀ ਨਿਖੇਧੀ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਜੇਲ੍ਹ ਪ੍ਰਸ਼ਾਸਨ ’ਤੇ ਕਾਬੂ ਰੱਖਣ ਵਿਚ ਅਸਫਲਤਾ ਤੋਂ ਸੰਸਦ ਮੈਂਬਰ ਵੀ ਹੈਰਾਨ ਹਨ। ਉਹਨਾਂ ਦੱਸਿਆ ਕਿ ਸੰਸਦ ਮੈਂਬਰਾਂ ਨੇ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਪੰਜਾਬ ਦੀਆਂ ਜੇਲ੍ਹਾਂ ਵਿਚ ਵਾਪਰੇ ਘਟਨਾਕ੍ਰਮ ਬਾਰੇ ਉਹਨਾਂ ਨਾਲ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੀ ਇੰਡਸਟਰੀ ਦਾ ਇਕ ਵੱਡਾ ਹਿੱਸਾ ਪਹਿਲਾਂ ਹੀ ਫਿਰੌਤੀਆਂ ਕਾਰਨ ਹੋਰ ਰਾਜਾਂ ਵਿਚ ਚਲਾ ਗਿਆ ਹੈ। ਉਹਨਾਂ ਦੱਸਿਆ ਕਿ ਲਾਰੰਸ ਬਿਸ਼ਨੋਈ ਨੂੰ ਪੰਜਾਬ ਵਿਚ ਹਿਰਾਸਤ ਦੌਰਾਨ ਹੀ ਆਪਣਾ ਅਪਰਾਧਿਕ ਸਾਮਰਾਜ ਵਧਾਉਣ ਵਾਸਤੇ ਦਿੱਤੀ ਜਾ ਰਹੀ ਸ਼ਹਿਰ ਕਾਰਨ ਇੰਡਸਟਰੀ ਦੇ ਹੋਰ ਪਲਾਇਨ ਕਰਨ ਦਾ ਖਦਸ਼ਾ ਹੈ।