ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਸੰਕੇਤਕ ਭਾਸ਼ਾਵਾਂ ਵੈੱਬਸਾਈਟ ਉਂਪਰ ਉਪਲੱਬਧ

ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ "ਅੰਤਰਰਾਸ਼ਟਰੀ ਸਾਈਨ ਲੈਂਗੂਏਜ਼ ਦਿਵਸ" ਨੂੰ ਸਮਰਪਿਤ ਇਕ ਨਿਵੇਕਲੀ ਪਹਿਲਕਦਮੀ ਕੀਤੀ ਗਈ। ਅੱਜ ਜਿੱਥੇ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਮਿਤੀ 23 ਸਤੰਬਰ, 2022 ਨੂੰ “ਅੰਤਰ ਰਾਸ਼ਟਰੀ ਸਾਈਨ ਲੈਂਗੂਏਜ਼ ਦਿਵਸ” ਵਿਸ਼ਵ ਪੱਧਰ ਉੱਪਰ ਮਨਾ ਰਿਹਾ ਹੈ ਉਸੇ ਲੜੀਂ ਤਹਿਤ ਹੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ੳਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਉਪਰਾਲੇ ਤਹਿਤ ਅਪਾਹਜ ਵਿਅਕਤੀਆਂ ਨੂੰ ਆਧੁਨਿਕ ਸਿੱਖਿਆ ਦੇ ਹਾਣੀ ਬਣਾਉਣਾ ਹੈ। ਯੂਨੀਵਰਸਿਟੀ  ਨੇ ਪੰਜਾਬ ਭਰ ਦੇ ਗੂੰਗੇ ਅਤੇ ਬੋਲੇ  ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਾਈਨ ਲੈਂਗੂਏਜ਼ ਸਿਖਾਉਣ ਲਈ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਮੁਫਤ ਪ੍ਰਸਾਰਣ ਲਈ ਈ-ਕਿਤਾਬਾਂ ਅਤੇ ਵੀਡੀਓਜ਼ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਨੂੰ ਇਹ ਸਾਰਾ ਡਾਟਾ ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਪਿੰਗਲਵਾੜਾ, ਅੰਮ੍ਰਿਤਸਰ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ। 5000 ਦੇ ਕਰੀਬ  ਵੀਡੀਓਜ਼  ਜਲਦੀ ਹੀ ਸਾਰੇ ਗੂੰਗੇ ਅਤੇ ਬੋਲ਼ੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਉੱਪਰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ । ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਕਰਮਜੀਤ ਸਿੰਘ ਨੇ ਦੱਸਿਆ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਇਹ  ਪਹਿਲਕਦਮੀ ਗੁਰੂ ਸਾਹਿਬਾਨ ਦੇ ਦੱਸੇ ਹੋਏ ਮਾਰਗ "ਸਰਬੱਤ ਦਾ ਭਲਾ" ਦੀ ਭਾਵਨਾ ਨੂੰ  ਸਮਰਪਿਤ  ਹੈ। ਇਸ ਯੂਨੀਵਰਸਿਟੀ ਰਾਹੀਂ ਅਸੀਂ ਸਿੱਖਿਆ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਯਤਨ ਕਰ ਰਹੇ ਹਾਂ ਜੋ ਸਮਾਂ, ਸਥਾਨ, ਪੈਸੇ ਜਾਂ ਕਿਸੇ ਅਪੰਗਤਾ ਕਾਰਨ ਹੋ ਸਕਦੀਆਂ ਹਨ। ਅਸੀਂ ਪੰਜਾਬ ਦੇ ਸਾਰੇ ਦਿਵਯਾਂਗਜਨਾਂ ਲਈ ਉੱਚ ਵਿਦਿਅਕ ਸਿੱਖਿਆ ਦੇ ਮੌਕੇ ਲਿਆਉਣਾ ਚਾਹੁੰਦੇ ਹਾਂ।ਯੂਨੀਵਰਸਿਟੀ ਵੱਲੋਂ ਇਹ ਵਿਸ਼ੇਸ਼ ਪਹਿਲਕਦਮੀ ਆਪਣੇ ਪਹਿਲੇ ਯਤਨਾਂ ਦੀ ਨਿਰੰਤਰਤਾ ਵਿੱਚ ਹੈ ਜਿੱਥੇ ਯੂਨੀਵਰਸਿਟੀ ਪਹਿਲਾਂ ਹੀ ਪੰਜਾਬ ਦੇ ਸਾਰੇ ਵੱਖ-ਵੱਖ ਯੋਗਤਾ ਵਾਲੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਹ ਸਮਝੌਤਾ NEP, 2020 ਦੁਆਰਾ ਕਲਪਿਤ ਪੰਜਾਬ ਵਿੱਚ ਉੱਚ ਸਿੱਖਿਆ ਪੱਧਰ 'ਤੇ ਕੁੱਲ ਦਾਖਲਾ ਅਨੁਪਾਤ 50% ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਪ੍ਰਪੱਕ  ਕਰਦਾ ਹੋਇਆ ਇੱਕ ਮਹੱਤਵਪੂਰਨ  ਕਦਮ ਹੈ।