ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ‘ਛਤਰ ਯੁਵਾ ਸੰਘਰਸ਼ ਸਮਿਤੀ’ (ਸੀਵਾਈਐੱਸਐੱਸ) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸੀਵਾਈਐੱਸਐੱਸ ਦੇ ਆਯੂਸ਼ ਖਟਕੜ ਪੰਜਾਬ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀ ਪ੍ਰਧਾਨ ਚੁਣੇ ਗਏ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਿਦਿਆਰਥੀ ਯੂਨੀਅਨ ਚੋਣਾਂ ਦਾ ਇੰਚਾਰਜ ਬਣਾਇਆ ਗਿਆ ਅਤੇ ਸੀ ਵਾਈ ਐੱਸ ਐੱਸ ਨੇ ਪਹਿਲੀ ਵਾਰ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲਿਆ ਅਤੇ ਪਹਿਲੀ ਵਾਰ 'ਚ ਹੀ ਸ਼ਾਨਦਾਰ ਜਿੱਤ ਹਾਸਲ ਕੀਤੀ।'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਆਯੂਸ਼ ਖਟਕੜ ਨੂੰ ਵਧਾਈ ਦਿੱਤੀ ਅਤੇ ਲਿਖਿਆ, ''ਆਪ ਦੇ ਵਿਦਿਆਰਥੀ ਸੰਗਠਨ ਸੀ ਵਾਈ ਐੱਸ ਐੱਸ ਨੂੰ ਪੰਜਾਬ ਯੂਨੀਵਰਸਿਟੀ ਚੋਣਾਂ 'ਚ ਸ਼ਾਨਦਾਰ ਜਿੱਤ ਮਿਲੀ ਹੈ। ਆਯੂਸ਼ ਖਟਕੜ ਨੂੰ ਪ੍ਰਧਾਨ ਬਣਨ 'ਤੇ ਬਹੁਤ-ਬਹੁਤ ਵਧਾਈਆਂ! ਅੱਜ ਦੇਸ਼ ਭਰ 'ਚ ਨੌਜਵਾਨ 'ਆਪ' ਨੂੰ ਵੱਡੀਆਂ ਉਮੀਦਾਂ ਨਾਲ ਦੇਖ ਰਹੇ ਹਨ ਅਤੇ ਵੱਡੀ ਗਿਣਤੀ 'ਚ ਪਾਰਟੀ ਨਾਲ ਜੁੜ ਰਹੇ ਹਨ। 'ਆਪ' ਨੌਜਵਾਨਾਂ ਦੀ ਪਾਰਟੀ ਹੈ। ਆਉਣ ਵਾਲੇ ਸਮੇਂ ਵਿੱਚ ਨੌਜਵਾਨ ਹੀ ਦੇਸ਼ ਦੀ ਵਾਗਡੋਰ ਸੰਭਾਲਣਗੇ।''ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਟਵੀਟ ਕੀਤਾ, "ਨੌਜਵਾਨ ਚਾਹੁਣ ਤਾਂ ਦੇਸ਼ ਦੀ ਤਕਦੀਰ ਬਦਲ ਸਕਦੇ ਹਨ। ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸੀ ਵਾਈ ਐੱਸ ਐੱਸ ਨੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਿੱਤ ਨੇ ਭਗਤ ਸਿੰਘ ਦੀ ਸੋਚ ਨੂੰ ਹੋਰ ਮਜ਼ਬੂਤ ਕੀਤਾ ਹੈ। ਆਯੂਸ਼ ਖਟਕੜ ਅਤੇ ਪੂਰੀ ਟੀਮ ਨੂੰ ਵਧਾਈਆਂ!"ਕੈਬਨਿਟ ਮੰਤਰੀ ਮੇਅਰ ਨੇ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਵਿੱਚ ‘ਆਪ’ ਦੇ ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ ਦੀ ਵੱਡੀ ਜਿੱਤ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੀ ਜਿੱਤ ਹੈ, ਨੌਜਵਾਨਾਂ ਨੇ ਭਾਜਪਾ ਦੀ ਫਿਰਕੂ ਸੋਚ ਅਤੇ ਅਪਰੇਸ਼ਨ ਲੋਟਸ ਨੂੰ ਰੱਦ ਕੀਤਾ।"