- ਮਾਨ ਸਰਕਾਰ ਕਾਨੂੰਨ ਵਿਵਸਥਾ ਬਰਕਰਾਰ ਰੱਖਣ 'ਚ ਨਾਕਾਮ, ਕੀਤਾ ਜਾਵੇ ਬਰਖ਼ਾਸਤ ਅਕਾਲੀ ਦਲ ਨੇ ਰਾਜਪਾਲ ਨੂੰ ਕੀਤੀ ਅਪੀਲ
- ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੌਂਪਿਆ ਮੰਗ ਪੱਤਰ
- ਅਜੀਤ ਅਖਬਾਰ ਦੇ ਐਮ ਡੀ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਦੀ ਜਾਂਚ ਮੰਗੀ਼
- ਸਿੱਧੂ ਮੂਸੇਵਾਲਾ ਦੇ ਕਤਲ ਦੀ ਵੀ ਜਾਂਚ ਮੰਗੀ ਤੇ ਕਿਹਾ ਕਿ ਮੁੱਖ ਮੰਤਰੀ ਇਸ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ
ਚੰਡੀਗੜ੍ਹ, 07 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ’ਤੇ ਭਗਵੰਤ ਮਾਨ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਪਾਰਟੀ ਨੇ ਆਪ ਸਰਕਾਰ ’ਤੇ ਭ੍ਰਿਸ਼ਟਾਚਾਰ ਵਿਚ ਗਲਤਾਨਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ਰਾਬ ਤੇ ਰੇਤ ਨੀਤੀ ਬਣਾਉਣ ਵਿਚ ਸੈਂਕੜੇ ਕਰੋੜ ਰੁਪਏ ਦਾ ਘੁਟਾਲਾ ਹੋਇਆ ਤੇ ਪਾਰਟੀ ਨੇ ਸਰਕਾਰ ’ਤੇ ਮੀਡੀਆ ਦੀ ਆਵਾਜ਼ ਦਬਾਉਣ ਦੇ ਦੋਸ਼ ਵੀ ਲਗਾਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਫਦ ਨੇ ਰਾਜਪਾਲ ਨੂੰ ਇਕ ਮੰਗ ਪੱਤਰ ਸੌਂਪਿਆ ਜਿਸ ਵਿਚ ਮੰਗ ਕੀਤੀ ਗਈ ਕਿ ਰੋਜ਼ਾਨਾ ਅਜੀਤ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰਸਿੰਘ ਹਮਦਰਦ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਦੱਸਿਆ ਕਿ ਕਿਵੇਂ ਸਰਕਾਰ ਅਜੀਤ ਨੂੰ ਇਸ਼ਤਿਹਾਰ ਦੇਣ ਤੋਂ ਨਾਂਹ ਕਰ ਕੇ ਅਤੇ ਇਸਦੇ ਪੱਤਰਕਾਰਾਂ ’ਤੇ ਵਿਧਾਨਸਭਾ ਦੀ ਕਾਰਵਾਈ ਦੀ ਕਵਰੇਜ ’ਤੇ ਰੋਕ ਲਗਾ ਕੇ ਮੀਡੀਆ ਦੀ ਆਵਾਜ਼ ਕੁਚਲਣ ਦਾ ਯਤਨ ਕਰ ਰਹੀ ਹੈ। ਬਾਦਲ ਨੇ ਕਿਹਾ ਕਿ ਅਜੀਤ ਅਖਬਾਰ ਨੂੰ ਪੰਜਾਬ ਦੀ ਆਵਾਜ਼ ਮੰਨਿਆ ਜਾਂਦਾ ਹੈ ਤੇ ਡਾ. ਹਮਦਰਦ ਵੱਲੋਂ ਲਗਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਮੀਡੀਆ ’ਤੇ ਹਮਲਾ ਬੋਲਿਆ ਤੇ ਪੀ ਟੀ ਸੀ ਦੇ ਐਮ ਡੀ ਸ੍ਰੀ ਰਬਿੰਦਰ ਨਰਾਇਣ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਕ ਵੈਬ ਚੈਨਲ ਦੇ ਸੰਪਾਦਕ ਖਿਲਾਫ ਕੇਸ ਦਰਜ ਕੀਤਾ ਗਿਆ। ਅਕਾਲੀ ਦਲ ਦੇ ਵਫਦ ਨੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਦੀ ਬਦਸਲੂਕੀ ਤੋਂ ਵੀ ਰਾਜਪਾਲ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਸ੍ਰੀ ਭਗਵੰਤ ਮਾਨ ਇਸ ਅਹੁਦੇ ਦੇ ਕਾਬਲ ਨਹੀਂ ਹਨ। ਪਾਰਟੀ ਨੇ ਮੁੱਖ ਮੰਤਰੀ ਦੇ ਉਸ ਬਿਆਨ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਉਹਨਾਂ ਕੋਲ ਪਿਛਲੇ ਕਾਂਗਰਸ ਦੇ ਮੰਤਰੀਆਂ ਦੀਆਂ ਭ੍ਰਿਸ਼ਟ ਗਤੀਵਿਧੀਆਂ ਬਾਰੇ ਪੂਰਾ ਡੋਜ਼ੀਅਰ ਮੌਜੂਦ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਇਕ ਸੱਚਾਈਹੈ ਕਿ ਪਿਛਲੀ ਕਾਂਗਰਸ ਸਰਕਾਰ ਨਾ ਸਿਰਫ ਸਭ ਤੋਂ ਭ੍ਰਿਸ਼ਟਸੀ ਬਲਕਿ ਇਸ ਗੱਲ ’ਤੇ ਹੈਰਾਨੀ ਹੈ ਕਿ ਆਪਣੇ ਕੋਲ ਉਹਨਾਂ ਦੀਆਂ ਭ੍ਰਿਸ਼ਟ ਗਤੀਵਿਧੀਆਂ ਦੇ ਸਬੂਤ ਹੋਣ ਦੇ ਬਾਵਜੂਦ ਉਹ ਸਾਬਕਾ ਕਾਂਗਰਸੀ ਮੰਤਰੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਡੋਜ਼ੀਅਰ ਦੀ ਵਰਤੋਂ ਕਾਂਗਰਸ ਆਗੂਆਂ ਨੂੰ ਆਪਣੀ ਅਧੀਨਗੀ ਸਵੀਕਾਰਨ ਵਾਸਤੇ ਮਜਬੂਰ ਕਰਨ ਵਾਸਤੇ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਗੱਲ ਪੰਜਾਬ ਵਿਧਾਨ ਸਭਾ ਵਿਚ ਵੀ ਵੇਖਣ ਨੂੰ ਮਿਲੀਸੀ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੁੱਖ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਪ ਸਰਕਾਰ ਦੇ ਖਿਲਾਫ ਆਪਣੀ ਹੀ ਪਾਰਟੀ ਦੇ ਆਗੂਆਂ ਨਾਲ ਖੜ੍ਹੇ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸਰਦਾਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸੀ ਬੀ ਆਈ ਜਾਂਚ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਮੂਸੇਵਾਲਾ ਦੇ ਕਤਲ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀਆਂ ਸ਼ੇਖੀਆਂ ਨਾ ਮਾਰੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਗਾਇਕ ਸਾਡੇ ਵਿਚ ਜਿਉਂਦਾ ਹੁੰਦਾ। ਉਹਨਾਂ ਕਿਹਾ ਕਿ ਇਸ ਲਈ ਕੇਸ ਦੀ ਸੱਚਾਈ ਬਾਹਰ ਲਿਆਉਣ ਵਾਸਤੇ ਸੀ ਬੀ ਆਈ ਜਾਂਚ ਬਹੁਤ ਜ਼ਰੂਰੀ ਹੈ।ਸਰਦਾਰ ਬਾਦਲ ਨੇ ਕਿਹਾ ਕਿ ਕਾਨੂੰਨ ਵਿਵਸਥਾ ਸਭ ਤੋਂ ਅਹਿਮ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਗੈਂਗਸਟਰ ਤੇ ਫਿਰੌਤੀਆਂ ਆਮ ਗੱਲ ਹੋ ਗਈ ਹੈ ਤੇ ਸਿਰਫ ਪ੍ਰਭਾਵਤ ਵਪਾਰੀ ਹੀ ਨਹੀਂ ਬਲਕਿ ਆਮ ਲੋਕ ਵੀ ਸੂਬੇ ਵਿਚੋਂ ਜਾ ਰਹੇ ਹਨ। ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਪੁਲਿਸ ਥਾਣਿਆਂ ’ਤੇ ਵੀ ਹਮਲੇ ਹੋ ਰਹੇ ਹਨ ਜਿਵੇਂ ਅਜਨਾਲਾ ਪੁਲਿਸ ਥਾਣੇ ’ਤੇ ਹੋਇਆ ਪਰ ਅੱਜ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਮਾੜੇ ਹਾਲਾਤਾਂ ਦਾ ਆਪ ਸਰਕਾਰ ਵੱਲੋਂ ਆਯੋਜਿਤ ਨਿਵੇਸ਼ ਸੰਮੇਲਨ ’ਤੇ ਵੀ ਸਿੱਧਾਂ ਅਸਰ ਪਿਆ ਤੇ ਸੰਮੇਲਨ ਫਲਾਪ ਹੋ ਗਿਆ। ਉਹਨਾਂ ਕਿਹਾ ਕਿ ਬੇਰੋਜ਼ਗਾਰੀ ਨਿਰੰਤਰ ਵੱਧ ਰਹੀ ਹੈ ਤੇ ਸਮਾਜਿਕ ਬੇਚੈਨੀ ਵੀ ਵੱਧ ਰਹੀ ਹੈ। ਅਕਾਲੀ ਦਲ ਦੇ ਵਫਦ ਨੇ ਇਹ ਵੀ ਅਪੀਲ ਕੀਤੀ ਕਿ ਦਿੱਲੀ ਆਬਕਾਰੀ ਘੁਟਾਲੇ ਦੀ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਦਾਇਰਾ ਪੰਜਾਬ ਤੱਕ ਵਧਾਇਆ ਜਾਵੇ। ਪਾਰਟੀ ਨੇ ਕਿਹਾ ਕਿ ਦਿੱਲੀ ਵਾਂਗ ਹੀ ਇਸਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੇ ਹੀ ਪੰਜਾਬ ਦੀ ਆਬਕਾਰੀ ਨੀਤੀ ਘੜਨ ਵਿਚ ਅਹਿਮ ਰੋਲ ਨਿਭਾਇਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਸਿਸੋਦੀਆ ਨੇ ਹੀ ਆਬਕਾਰੀ ਨੀਤੀ ਤੈਅ ਕਰਨ ਵਾਸਤੇ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਇਸ ਨੀਤੀ ਤਹਿਤ ਕੁਝ ਚੋਣਵੇਂ ਲੋਕਾਂ ਦਾ ਵਪਾਰ ’ਤੇ ਕਬਜ਼ਾ ਕਰਵਾ ਦਿੱਤਾ ਗਿਆ ਜਿਹਨਾਂ ਨੇ ਬਦਲੇ ਵਿਚ ਆਪ ਵਾਸਤੇ ਫੰਡ ਦਿੱਤੇ। ਉਹਨਾਂ ਕਿਹਾ ਕਿ ਇਸੇ ਤਰੀਕੇ ਬਲੈਕਲਿਸਟ ਕੀਤੇ ਮਾਇਨਿੰਗ ਠੇਕੇਦਾਰ ਰਾਕੇਸ਼ ਚੌਧਰੀ ਜਿਹਨਾਂ ਖਿਲਾਫ ਕਈ ਕੇਸ ਦਰਜ ਹਨ, ਨੂੰ ਰੇਤ ਮਾਇਨਿੰਗ ਦਾ ਠੇਕਾ ਮੁੜ ਅਲਾਟ ਕੀਤਾ ਗਿਆ ਜਿਸ ਤੋਂ ਭ੍ਰਿਸ਼ਟਾਚਾਰ ਦੀ ਬੂ ਆ ਰਹੀਹੈ। ਉਹਨਾਂ ਮੰਗ ਕੀਤੀ ਕਿ ਇਹਨਾਂ 800 ਤੋਂ 900 ਕਰੋੜ ਰੁਪਏ ਦੇ ਘੁਟਾਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਸਰਦਾ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕੋਟਕਪੁਰਾ ਫਾਇਰਿੰਗ ਕੇਸ ਵਿਚ ਉਹਨਾਂ ਦਾ ਨਾਂ ਸ਼ਾਮਲ ਕੀਤਾ ਗਿਆ ਹੈ, ਉਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਆਪਹੀ ਜੱਜ ਤੇ ਆਪ ਹੀ ਵਕੀਲ ਬਣੇ ਬੈਠੇ ਹਨ। ਉਹਨਾਂ ਕਿਹਾ ਕਿ ਮੰਤਰੀ ਤਰੀਕਾਂ ਦਾ ਐਲਾਨ ਕਰ ਰਹੇ ਹਨ ਕਿ ਚਲਾਨ ਕਦੋਂ ਪੇਸ਼ ਕੀਤੇ ਜਾਣਗੇ ਤੇ ਇਹਨਾਂ ਵਿਚ ਕਿੰਨਾ ਨੂੰ ਦੋਸ਼ੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਹੈ ਕਿ ਇਹ ਸਿਰਫ ਸਿਆਸੀ ਬਦਲਾਖੋਰੀ ਹੈ ਤੇ ਨਾਲ ਹੀ ਕਿਹਾ ਕਿ ਸਾਨੂੰ ਨਿਆਂਪਾਲਿਕਾ ਵਿਚ ਪੂਰਨ ਵਿਸ਼ਵਾਸ ਹੈ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਸਿਕੰਦਰ ਸਿੰਘ ਮਲੂਕਾ, ਸਰਦਾਰ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਤੋਂ ਇਲਾਵਾ ਬਸਪਾ ਦੇ ਵਿਧਾਇਕਾ ਨਛੱਤਰਪਾਲ ਵੀ ਹਾਜ਼ਰ ਸਨ।