ਫ਼ਿਰੋਜ਼ਪੁਰ 'ਚ ਬੋਲੈਰੋ ਪਿਕਅੱਪ ਅਤੇ ਕੈਂਟਰ ਦੀ ਟੱਕਰ ਵਿੱਚ 9 ਵੇਟਰਾਂ ਦੀ ਮੌਤ, 11 ਜ਼ਖ਼ਮੀ 

ਫ਼ਿਰੋਜ਼ਪੁਰ, 31 ਜਨਵਰੀ 2025 : ਫ਼ਿਰੋਜ਼ਪੁਰ ਵਿੱਚ ਇੱਕ ਬੋਲੈਰੋ ਪਿਕਅੱਪ ਅਤੇ ਕੈਂਟਰ ਦੀ ਟੱਕਰ ਵਿੱਚ 9 ਵੇਟਰਾਂ ਦੀ ਮੌਤ ਹੋ ਗਈ ਹੈ। ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਜਦਕਿ 11 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਇਹ ਹਾਦਸਾ ਅੱਜ ਸਵੇਰੇ ਫ਼ਿਰੋਜ਼ਪੁਰ ਦੇ ਪਿੰਡ ਮੋਹਨ ਕੇ ਉਤਾੜ ਨੇੜੇ ਵਾਪਰਿਆ। ਘਟਨਾ ਦੇ ਸਮੇਂ ਪਿਕਅਪ ਵਿੱਚ 20 ਤੋਂ ਵੱਧ ਲੋਕ ਸਵਾਰ ਸਨ। ਜਿਨ੍ਹਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਮੋਹਨ ਕੇ ਨਜਦੀਕ ਪਿਕਅਪ ਗੱਡੀ ਅਤੇ ਟਰਾਲੇ ਵਿਚਾਲੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਪਿਕਅਪ ਵਿੱਚ ਗੁਰੂਹਰਸਹਾਏ ਤੋਂ ਵੇਟਰਾਂ ਨਾਲ ਭਰ ਕੇ ਜਲਾਲਾਬਾਦ ਏਰੀਏ ਨੂੰ ਜਾ ਰਿਹਾ ਸੀ ਕਿ ਪਿੰਡ ਮੋਹਨ ਕੇ ਨਜਦੀਕ ਟਰਾਲੇ ਦੇ ਨਾਲ ਟੱਕਰ ਹੋ ਗਈ। ਹੁਣ ਤੱਕ ਦੀ ਖ਼ਬਰ ਅਨੁਸਾਰ 9 ਵੇਟਰਾਂ ਦੀ ਮੌਤ ਹੋ ਗਈ ਹੈ, ਜਦਕਿ 11 ਤੋਂ ਵੱਧ ਜ਼ਖ਼ਮੀਆਂ ਨੂੰ ਫ਼ਰੀਦਕੋਟ ਅਤੇ ਜਲਾਲਾਬਾਦ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਡੀਸੀ ਫਿਰੋਜ਼ਪੁਰ ਨੇ ਕਿਹਾ ਕਿ ਜ਼ਿਲ੍ਹਾ ਪੀੜਤਾਂ ਦੇ ਪਰਿਵਾਰਾਂ ਨਾਲ ਖੜਾ ਹੈ ਅਤੇ ਜ਼ਖ਼ਮੀਆਂ ਦਾ ਪੂਰਾ ਇਲਾਜ ਕਰਵਾਏਗਾ। ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫ਼ਟੀ ਫ਼ੋਰਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਝ ਲੋਕ ਇੱਕ ਬਲੈਰੋ ਪਿਕਅਪ ਵਿੱਚ ਸਵਾਰ ਸਨ, ਜੋ ਵੇਟਰ ਦਾ ਕੰਮ ਕਰਦੇ ਸਨ ਅਤੇ ਉਹ ਫਿਰੋਜ਼ਪੁਰ ਤੋਂ ਕਿਸੇ ਵਿਆਹ ਸਮਾਗਮ ਵਿੱਚ ਕੰਮ ਕਰਨ ਲਈ ਜਾ ਰਹੇ ਸਨ। ਇਸ ਦੌਰਾਨ ਪਿਕਅੱਪ ਬੇਕਾਬੂ ਹੋ ਗਿਆ, ਜਿਸ ਕਾਰਨ ਪਿੱਛੇ ਤੋਂ ਆ ਰਹੇ ਕੈਂਟਰ ਨਾਲ ਹਾਦਸਾ ਵਾਪਰ ਗਿਆ। ਹਸਪਤਾਲ ਲਿਜਾਂਦੇ ਹੀ 8 ਤੋਂ ਵੱਧ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।  

ਸੁਖਬੀਰ ਸਿੰਘ ਬਾਦਲ ਨੇ ਕੀਤਾ ਦੁੱਖ ਪ੍ਰਗਟ
ਫਿਰੋਜ਼ਪੁਰ  ਵਿਚ ਹੋਏ ਇਕ ਦਰਦਨਾਕ ਹਾਦਸੇ  ਤੇ ਸੁਖਬੀਰ ਸਿੰਘ ਬਾਦਲ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ, ਅੱਜ ਸਵੇਰੇ ਗੁਰੂਹਰਸਹਾਏ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਦੁਖੀ ਪਰਿਵਾਰਾਂ ਨਾਲ ਦਿਲੀ ਹਮਦਰਦੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ। ਇਸ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਤਾਕਤ ਮਿਲੇ।