ਚੰਡੀਗੜ੍ਹ, 07 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ-ਹੁਸਿਆਰਪੁਰ-ਚਿੰਤਪੁਰਨੀ ਸੜਕ ਦੇ ਨਿਰਮਾਣ ਲਈ 13.74 ਕਰੋੜ ਮਨਜ਼ੂਰ ਕਰ ਦਿੱਤੇ ਹਨ, ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀਆਂ ਸਦਕਾ 01 ਅਪ੍ਰੈਲ ਤੋਂ ਕੰਮ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ। ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਸੜਕ ਦੀ ਬੇਹੱਦ ਖਸਤਾ ਹਾਲਤ ਤੋਂ ਦੋਆਬਾ ਇਲਾਕਾ ਖਾਸ ਤੌਰ 'ਤੇ ਹੁਸ਼ਿਆਰਪੁਰ ਵਾਸੀ ਬਹੁਤ ਦੁਖੀ ਸਨ। ਸੜਕ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਹੁੰਦੇ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਵੀ ਚਲੇ ਗਈਆਂ ਪਰ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਸੜਕ ਬਣਾਉਣ ਦੀ ਥਾਂ ਲੋਕਾਂ ਨੂੰ ਰੱਬ ਸਹਾਰੇ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਸੜਕ ਕਾਫੀ ਅਹਿਮ ਹੈ ਕਿਉਂ ਕਿ ਇਸ ਸੜਕ ਰਾਹੀਂ ਬਹੁਤ ਸਾਰੇ ਸ਼ਰਧਾਲੂ ਮਾਤਾ ਚਿੰਤਪੂਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਵਰਗੇ ਅਤਿ ਮਹੱਤਵਪੂਰਣ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਜਿੰਪਾ ਨੇ ਕਿਹਾ ਕਿ ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਅਤੇ ਮੈਕਲੋਡ ਗੰਜ ਜਾਣ ਲਈ ਵੀ ਲੱਖਾਂ ਲੋਕ ਹੁਸ਼ਿਆਰਪੁਰ ਰਾਹੀਂ ਜਾਂਦੇ ਹਨ। ਇਸ ਲਈ ਇਸ ਸੜਕ ਦੀ ਮਹੱਤਤਾ ਨੂੰ ਵੇਖਦਿਆਂ ਇਸ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਣੀ ਬਣਦੀ ਸੀ। ਉਨ੍ਹਾਂ ਸੜਕ ਨਿਰਮਾਣ ਲਈ ਪੈਸਾ ਮਨਜ਼ੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 39 ਕਿਲੋਮੀਟਰ ਲੰਬੀ ਇਸ ਸੜਕ ਦੇ ਨਿਰਮਾਣ ਲਈ ਟੈਂਡਰ ਲੱਗ ਚੁੱਕੇ ਹਨ ਅਤੇ 1 ਅਪ੍ਰੈਲ ਤੋਂ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੜਕ ਦਾ ਕਰੀਬ 14 ਕਿਲੋਮੀਟਰ ਦਾ ਇਲਾਕਾ ਜਲੰਧਰ ਜ਼ਿਲ੍ਹੇ ਵਿਚ ਅਤੇ 25 ਕਿਲੋਮੀਟਰ ਦਾ ਇਲਾਕਾ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਆਉਂਦਾ ਹੈ।