ਸਾਬਕਾ ਸੰਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਵੱਲੋਂ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਕੇਵਲ ਐਲਾਨ ਕਰਨ ਵਾਸਤੇ ਹੀ ਬਣਾਇਆ ਗਿਆ ਹੈ, ਕਿਉਂਕਿ ਹੁਣ ਕੰਮ ਕਰਨ ਦਾ ਸਮਾਂ ਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਕ ਦਲਿਤ ਹੋਣ ਦੇ ਨਾਤੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਫ਼ਰਜ਼ ਬਣਦਾ ਹੈ ਕਿ ਸਰਕਾਰ ਵੱਲ ਪਿਆ ਕਰੋੜਾਂ ਰੁਪਏ ਦਾ ਸਕਾਲਰਸ਼ਿਪ ਤੁਰੰਤ ਰਿਲੀਜ਼ ਕਰਵਾਇਆ ਜਾਏ। ਪ੍ਰੋ. ਚੰਦੂਮਾਜਰਾ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਪਾਸੋਂ ਮੰਗ ਕਰਦਿਆਂ ਕਿਹਾ ਕਿ ਜੋ ਐੱਸ.ਸੀ ਸਕਾਲਰਸ਼ਿਪ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਦੇ ਸਕੈਂਡਲ ਦੀ ਰਿਕਵਰੀ ਤਾਂ ਘੱਟੋ ਘੱਟ ਜ਼ਰੂਰ ਭਰਵਾਉਣ, ਕਿਉਂਕਿ ਪੂਰੇ ਦਲਿਤ ਭਾਈਚਾਰੇ ਨੂੰ ਚਰਨਜੀਤ ਚੰਨੀ ਤੇ ਵੱਡੀਆਂ ਉਮੀਦਾਂ ਹਨ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਰੱਜ ਕੇ ਜਲੂਸ ਤੇ ਜਨਾਜ਼ਾ ਕਢਵਾਇਆ ਕਿਉਂਕਿ ਉਨ੍ਹਾਂ ਕੋਲ ਪੂਰੇ ਦਿਨ ਵਿੱਚ ਮੁੱਖ ਮੰਤਰੀ ਦਾ ਨਾਮ ਹੀ ਫਾਈਨਲ ਨਾ ਹੋ ਸਕਿਆ ਜਿਸ ਨੇ ਸਾਬਤ ਕਰ ਕੇ ਰੱਖ ਦਿੱਤਾ ਕਿ ਕਾਂਗਰਸ ਦੀ ਵਾਗਡੋਰ ਲਈ ਆਪੋ ਧਾਪੀ ਜਾਰੀ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਝੂਠ ਬੋਲਣ ਡਰਾਮੇਬਾਜ਼ੀ ਅਤੇ ਸ਼ੋਸ਼ੇਬਾਜ਼ੀ ਕਰਨ ਵਿਚ ਮਾਹਰ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਸਬੰਧ ਵਿੱਚ ਪ੍ਰੋ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਜਾਂਦੇ ਜਾਂਦੇ ਭਾਵੇਂ ਕੈਪਟਨ ਜੋ ਮਰਜ਼ੀ ਸਲਾਹਾਂ ਦੇ ਜਾਣ ਪਰ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਜਦੋਂ ਕੁਝ ਨਾ ਕਰ ਸਕੇ ਤਾਂ ਉਹ ਚਾਰ ਮਹੀਨਿਆਂ ਦੇ ਮੁੱਖ ਮੰਤਰੀ ਤੋਂ ਕੀ ਉਮੀਦ ਜ਼ਾਹਰ ਕਰ ਸਕਣਗੇ।