ਪੰਜਾਬ ਕਾਂਗਰਸ 'ਚ ਮੁੜ ਕਲੇਸ਼ ਛਿੜ ਗਿਆ ਹੈ। ਨਵਜੋਤ ਸਿੱਧੂ ਨੇ ਸੋਮਵਾਰ ਨੂੰ ਸਸਤੀ ਬਿਜਲੀ ਦੇ ਫ਼ੈਸਲੇ ਨੂੰ ਲੈ ਕੇ ਚੰਨੀ ਸਰਕਾਰ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੱਡਾ ਐਕਸ਼ਨ ਲਿਆ। ਉਨ੍ਹਾਂ ਨੇ ਤੁਰੰਤ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਦਾ ਅਸਤੀਫ਼ਾ ਰੱਦ ਕਰ ਦਿੱਤਾ। ਸਿੱਧੂ ਦੇ ਦਬਾਅ ਹੇਠ ਐਡਵੋਕੇਟ ਦਿਓਲ ਨੇ ਅਸਤੀਫ਼ਾ ਦਿੱਤਾ ਸੀ। ਪੂਰਾ ਦਿਨ ਮੀਡੀਆ ਤੋਂ ਦੂਰੀ ਤੋਂ ਬਾਅਦ ਐਡਵੋਕੇਟ ਦਿਓਲ ਨੇ ਵੀ ਦੇਰ ਸ਼ਾਮ ਅਸਤੀਫ਼ੇ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।
ਉਧਰ, ਇਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਜੇ ਕਿਸੇ ਇੱਕ ਵਿਅਕਤੀ ਦੀ ਇੱਕ, ਦੋ, ਤਿੰਨ ਜਾਂ ਚਾਰ ਲੋਕਾਂ ਨਾਲ ਨਾ ਬਣੇ ਤਾਂ ਮੰਨਿਆ ਜਾ ਸਕਦਾ ਹੈ, ਪਰ ਜੇ ਹਰੇਕ ਵਿਅਕਤੀ ਨਾਲ ਨਾ ਬਣੇ ਤਾਂ ਇਸ ਬਾਰੇ ਖੁੱਲ੍ਹ ਕੇ ਕੀ ਕਿਹਾ ਜਾ ਸਕਦਾ ਹੈ। ਇਸ ਸਮੇਂ ਵਰਕਰਾਂ ਨੂੰ ਦਿਸ਼ਾ ਦੀ ਲੋੜ ਹੈ। ਪ੍ਰਚਾਰ ਲਈ ਕਮੇਟੀਆਂ ਬਣਾਈਆਂ ਜਾਣੀਆਂ ਸਨ, ਪਰ ਕੁਝ ਨਹੀਂ ਹੋ ਰਿਹਾ। ਸਰਕਾਰ ਤੇ ਵਿਧਾਇਕ ਕੰਮ ਕਰ ਰਹੇ ਹਨ, ਪਰ ਵਰਕਰ ਉਡੀਕ ਕਰ ਰਹੇ ਹਨ। ਕਾਂਗਰਸ ਪਾਰਟੀ ਨੂੰ ਸਿੱਧੂ ਬਾਰੇ ਆਰ ਜਾਂ ਪਾਰ ਦਾ ਫ਼ੈਸਲਾ ਲੈਣਾ ਚਾਹੀਦਾ ਹੈ।
ਦੱਸ ਦਈਏ ਕਿ ਸੀਐਮ ਚੰਨੀ ਨੇ 1 ਨਵੰਬਰ ਨੂੰ ਪੰਜਾਬ ਨੂੰ ਦੀਵਾਲੀ ਦੇ ਤੋਹਫ਼ੇ ਦਾ ਐਲਾਨ ਕੀਤਾ। ਇਸ 'ਚ ਸਸਤੀ ਬਿਜਲੀ ਦੀ ਗੱਲ ਕੀਤੀ ਗਈ। ਇਹ ਵੀ ਚਰਚਾ ਹੈ ਕਿ ਸਿੱਧੂ ਖਫਾ ਸਨ ਪਰ ਫੈਸਲੇ ਤੋਂ ਪਹਿਲਾਂ ਉਨ੍ਹਾਂ ਨੂੰ ਨਾਲ ਨਹੀਂ ਲਿਆ ਗਿਆ। ਇਸ ਤੋਂ ਬਾਅਦ ਸਿੱਧੂ ਚੰਡੀਗੜ੍ਹ 'ਚ ਸੰਯੁਕਤ ਹਿੰਦੂ ਮਹਾਸਭਾ ਦੇ ਪ੍ਰੋਗਰਾਮ ਵਿੱਚ ਪੁੱਜੇ। ਸੀਐਮ ਚੰਨੀ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਸਿੱਧੂ ਨੇ ਸਰਕਾਰ ਦੇ ਦੀਵਾਲੀ ਦੇ ਤੋਹਫ਼ੇ ਤੇ ਖ਼ਾਲੀ ਖ਼ਜ਼ਾਨੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਇਸ ਦਾ ਪਤਾ ਲੱਗਦਿਆਂ ਹੀ ਚੰਨੀ ਨੇ ਵੀ ਵੱਡਾ ਐਕਸ਼ਨ ਲਿਆ। ਉਨ੍ਹਾਂ ਨੇ ਪੰਜਾਬ ਦੇ ਏਜੀ ਏਪੀਐਸ ਦਿਓਲ ਦਾ ਅਸਤੀਫ਼ਾ ਰੱਦ ਕਰ ਦਿੱਤਾ। ਇਹ ਅਸਤੀਫਾ ਸਿੱਧੂ ਦੇ ਵਿਰੋਧ ਕਰਕੇ ਹੀ ਲਿਆ ਗਿਆ ਸੀ। ਸਿੱਧੂ ਨੂੰ ਸ਼ਾਂਤ ਕਰਨ ਲਈ ਹੀ ਇਸ ਅਸਤੀਫੇ ਦਾ ਫ਼ੈਸਲਾ ਦਿੱਲੀ 'ਚ ਹੀ ਹੋ ਗਿਆ ਸੀ। ਸਿੱਧੂ ਨੇ ਡੀਜੀਪੀ ਇਕਬਾਲਪ੍ਰੀਤ ਸਹੋਤਾ ਦੇ ਨਾਲ ਏਜੀ ਦੀ ਨਿਯੁਕਤੀ ਦੇ ਵਿਰੋਧ 'ਚ ਅਸਤੀਫ਼ਾ ਦੇ ਦਿੱਤਾ ਸੀ।
ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਤੇ ਸੀਐਮ ਚਰਨਜੀਤ ਚੰਨੀ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੀ ਸਹਿਮਤੀ ਦੇ ਦਿੱਤੀ। ਇਸ ਤੋਂ ਬਾਅਦ ਐਡਵੋਕੇਟ ਦਿਓਲ ਨੇ ਖੁਦ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਸੀਐਮ ਨੇ ਸਿੱਧੂ ਦੇ ਸਰਕਾਰ ਵਿਰੋਧੀ ਬਿਆਨ ਦੀ ਵੀਡੀਓ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਅਸਤੀਫਾ ਲੈਣ ਤੋਂ ਇਨਕਾਰ ਕਰ ਦਿੱਤਾ।