ਲੱਗੀ ਨਜ਼ਰ ਪੰਜਾਬ ਨੂੰ, ਕੋਈ ਮਿਰਚਾਂ ਵਾਰੋ

“ਚਿੱਟਾ” ਪਤਾ ਨਹੀਂ ਇਹ ਪੰਜਾਬ ਵਿੱਚ ਕਿਥੋਂ ਆ ਗਿਆ ਹੈ, ਪੰਜਾਬ ਦੀ ਨੌਜਵਾਨੀ ਖਤਮ ਕਰ ਰਿਹਾ ਹੈ। ਪੰਜਾਬ ਦਾ ਅਰਥ ਹੈ “ਪੰਜ ਦਰਿਆਵਾਂ ਦੀ ਧਰਤੀ”। ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਨੂੰ ਪਤਾ ਨਹੀਂ ਕਿਸ ਚੰਦਰੇ ਨੇ ਕਲੰਕਿਤ ਕਰ ਦਿੱਤਾ ਹੈ ਅੱਜ ਪੰਜਾਬ ਵਿੱਚ ਨਸਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੀ ਨੌਜਵਾਨੀ ਖੇਤਾਂ ਵਿੱਚ ਆਪ ਹੀ ਕੰਮ ਕਰਦੀ ਸੀ। ਹੱਥੀਂ ਕੰਮ ਨੂੰ ਤਰਜੀਹ ਦਿੱਤੀ ਜਾਂਦੀ ਸੀ। ਘਰ ਦੇ ਬਣੇ ਦੁੱਧ, ਦਹੀਂ, ਪਨੀਰ, ਖੋਆ, ਲੱਸੀ ਹੀ ਸਿਹਤ ਲਈ ਗੁਣਕਾਰੀ ਹੁੰਦਾ ਸੀ। ਨੌਜਵਾਨਾਂ ਦੇ ਚਿਹਰੇ ਤੋਂ ਨੂਰ ਟਪਕਦਾ ਸੀ। ਛੇ ਫੁੱਟ ਦੇ ਚਿੱਟੇ ਚਾਦਰੇ ਬੰਨਣ ਵਾਲੇ ਨੌਜਵਾਨ ਖਿੱਚ ਦਾ ਕੇਂਦਰ ਬਣਦੇ ਸਨ। ਸਮਾਂ ਬਦਲਿਆ ਪਤਾ ਨਹੀਂ ਇਹ ਚੰਦਰਾ ਨਸ਼ਾ “ਚਿੱਟਾ” ਪੰਜਾਬ ਵਿੱਚ ਕਿਥੋਂ ਆ ਵੜਿਆ। ਗੁਆਂਢੀ “ਚਿੱਟਾ” ਪੰਜਾਬ ਵਿੱਚ ਹੁਣ ਪੈਰ ਪਸਾਰ ਗਿਆ ਹੈ। ਪਤਾ ਨਹੀਂ ਕਿੰਨੇ ਹੀ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਘਰਾਂ ਵਿੱਚ ਸੱਥਰ ਵਿੱਛ ਚੁੱਕੇ ਹਨ। ਆਏ ਦਿਨ ਓਵਰਡੋਜ ਕਾਰਨ ਮੌਤਾਂ ਹੋ ਰਹੀਆਂ ਹਨ। ਹਰ ਰੋਜ ਖਬਰਾਂ ਪੜ੍ਹਦੇ ਹਨ ਕਿ ਸਰਹੱਦੀ ਖੇਤਰਾਂ ਤੋਂ ਪਤਾ ਨਹੀਂ ਕਿੰਨੇ ਕਿਲੋ ਹੈਰੋਇਨ ਬਰਾਮਦ ਹੁੰਦੀ ਹੈ। ਹਾਲ ਹੀ ਵਿੱਚ ਬੀ ਐਸ ਐਫ ਨੇ ਸਰਹੱਦੀ ਖੇਤਰ ਵਿੱਚ ਗੋਲਾਬਾਰੀ ਕਰਕੇ ਪਾਕਿਸਤਾਨ ਤੋਂ ਆਇਆ ਡ੍ਰੋਨ ਸੁੱਟਿਆ। ਜਿਸ ਵਿੱਚੋ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਐੱਸਟੀਐੱਫ ਵਲੋਂ ਵੀ ਲੁਧਿਆਣਾ ਵਿਖੇ 3 ਕਿਲੋਗ੍ਰਾਮ ਨਸ਼ਾ ਫੜਿਆ ਗਿਆ। ਸਰਹੱਦੀ ਸੂਬਿਆਂ ਨਾਲ ਲੱਗਦੇ ਪੰਜਾਬ ਦੇ ਜਿਲਿਆਂ ‘ਚੋਂ ਹਰ ਰੋਜ ਪਤਾ ਨਹੀਂ ਕਿੰਨੇ ਹੀ ਨਸੀਲੀ ਗੋਲੀਆਂ ਦੇ ਡੱਬੇ ਫੜੇ ਜਾਂਦੇ ਹਨ। ਹਰ ਰੋਜ ਕਿਸੇ ਨਾ ਕਿਸੇ ਜਿਲੇ ਦਾ ਜਿੰਮੇਦਾਰ ਪੁਲੀਸ ਅਧਿਕਾਰੀ ਕਾਨਫਰੰਸ ਕਰਕੇ ਅਜਿਹੇ ਨਸੇੜੀਆਂ ਨੂੰ ਫੜਨ ਦਾ ਜਿਕਰ ਕਰਦਾ ਹੈ। ਸੂਬਾ ਸਰਕਾਰ ਦੇ ਦਿਸਾਂ ਨਿਰਦੇਸਾਂ ਮੁਤਾਬਕ ਜਿਲਿਆਂ ਵਿੱਚ ਉਸਾਰੀ ਕਲੋਨੀਆਂ, ਫਲੈਟਾਂ ਦੀ ਛਾਪੇਮਾਰੀ ਕਰਕੇ ਵੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਹ ਸਲਾਘਾਯੋਗ ਪਹਿਲ ਹੈ। ਹਰ ਰੋਜ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸੀਆਈਏ ਸਟਾਫ ਵੀ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਰਿਹਾ ਹੈ। ਔਰਤਾਂ ਵੀ ਹੁਣ ਤਾਂ ਚਿੱਟੇ ਦੀ ਆਦੀ ਹੋ ਚੁੱਕੀਆਂ ਹਨ। ਹਾਲ ਹੀ ਵਿਚ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਇੱਕ ਹਫਤੇ ਦੇ ਵਿੱਚ ਢਾਈ ਸੌ ਤੋਂ ਵੱਧ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਜਿਕਰ ਕੀਤਾ ਹੈ। ਹਾਲ ਹੀ ਵਿਚ ਖਬਰ ਪੜ੍ਹੀ ਕਿ ਹੈਰੋਇਨ ਤੇ ਡਰੱਗ ਮਨੀ ਸਣੇ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਨਾਬਾਲਗ ਬੱਚੇ ਕੋਲੋਂ 15 ਕਿਲੋ ਹੈਰੋਇਨ ਫੜ੍ਹੀ ਗਈ ਹੈ। ਗ੍ਰਿਫਤਾਰ ਕੀਤੇ ਨਾਬਾਲਗ ਦਾ ਪਿਤਾ ਅਤੇ ਦਾਦਾ ਪਹਿਲਾਂ ਹੀ ਨਸਿਆਂ ਦੀ ਤਸਕਰੀ ਕਰਕੇ ਜੇਲ੍ਹ ਵਿੱਚ ਬੰਦ ਹਨ ਹੁਣ ਤੱਕ ਪੰਜਾਬ ਪੁਲਿਸ ਨੇ 9000 ਤੋਂ ਵੱਧ ਤਸਕਰ ਫੜੇ ਹਨ। ਨਸਾ ਤਸਕਰਾਂ ਤੋਂ ਕਰੋੜਾਂ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ ਜੋ ਕਿ ਮਾਨ ਸਰਕਾਰ ਦੀ ਸਲਾਘਾਯੋਗ ਪਹਿਲ ਹੈ। ਹਾਲ ਹੀ ਵਿਚ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਈ ਰਿਕਸੇ ਵਾਲਾ ਨਸੇ ਵਿੱਚ ਧੁੱਤ ਮੁਧੇ ਮੂੰਹ ਰਿਕਸੇ ਵਿੱਚ ਪਿਆ ਸੀ। ਨਸਿਆਂ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ। ਜਿਆਦਾ ਤਰ ਨੌਜਵਾਨ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਵਿੱਚ ਹੈ, ਸਭ ਤੋਂ ਵੱਧ ਉਹ ਓਵਰਡੋਜ ਕਾਰਨ ਮਰ ਰਹੇ ਹਨ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਕੱਟੜਾ ਬੱਗੀਆਂ ਇਲਾਕ ਵਿੱਚ ਦੋ ਸਕੇ ਭਰਾਵਾਂ ਦੀ ਨਸੇ ਦੀ ਓਵਰਡੋਜ ਕਾਰਨ ਮੌਤ ਹੋਈ ਹੈ। ਇੱਕ ਭਰਾ ਜੇਲ ਵਿਚ ਬੰਦ ਸੀ, ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਚੁੱਕੀ ਹੈ। ਤੇ ਦੂਜੇ ਭਰਾ ਦੀ ਨਸੇ ਦੀ ਜਿਆਦਾ ਓਵਰਡੋਜ ਕਾਰਨ। ਆਏ ਦਿਨ ਦੋ ਜਾਂ ਤਿੰਨ ਨੌਜਵਾਨਾਂ ਦੀ ਨਸੇ ਦੀ ਓਵਰਡੋਜ ਕਾਰਨ ਮੌਤਾਂ ਹੋ ਰਹੀਆਂ ਹਨ। ਹੁਣ ਤਾਂ ਕੁੜੀਆਂ ਵੀ ਚਿੱਟੇ ਦੀ ਸੋਕੀਨ ਹੋ ਚੁੱਕੀਆਂ ਹਨ ਖਬਰ ਪੜ੍ਹਨ ਨੂੰ ਮਿਲੀ ਕਿ ਕਪੂਰਥਲਾ ਵਿਖੇ ਇਕ ਕੁੜੀ ਲੋਕਾਂ ਤੋਂ ਪੈਸੇ ਮੰਗ ਕੇ ਚਿੱਟਾ ਪੀਂਦੀ ਹੈ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਵਿਆਹੁਤਾ ਦਾ ਪਤੀ ਨਸੇ ਦੀ ਤਸਕਰੀ ਕਾਰਨ ਜੇਲ ਵਿੱਚ ਹੈ। ਹਾਲ ਹੀ ਵਿੱਚ ਚੋਹਲਾ ਸਾਹਿਬ ਵਿਖੇ ਇਕ ਕਿਸਾਨ ਪਰਿਵਾਰ ਦੇ ਦੋਵਾਂ ਪੁੱਤਰਾਂ ਦੀ ਨਸੇ ਦੀ ਓਵਰਡੋਜ ਕਾਰਨ ਮੌਤ ਹੋ ਗਈ। ਵੱਡੇ ਪੁੱਤਰ ਦੀਆਂ ਅੰਤਿਮ ਰਸਮਾਂ ਵੀ ਹਜੇ ਪੂਰੀਆਂ ਵੀ ਨਹੀਂ ਹੋਈਆਂ ਸਨ, ਕਿ ਛੋਟੇ ਪੁੱਤਰ ਦੀ ਵੀ ਪਹਿਲਾਂ ਹੀ ਮੌਤ ਹੋ ਗਈ। ਹਾਲ ਹੀ ਵਿੱਚ ਜਾਣਕਾਰੀ ਦੇ ਆਧਾਰ ਤੇ ਗੁਜਰਾਤ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਸਰਹੱਦ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸਿਆਂ ਦੀ ਤਸਕਰੀ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਫਿਰੋਜਪੁਰ ਵਿਖੇ ਬੀਐਸਐਫ ਵੱਲੋਂ ਨਸਿਆਂ ਦੇ ਪੈਕਟ ਬਰਾਮਦ ਕੀਤੇ ਗਏ। ਅਫਗਨਿਸਤਾਨ ਮੁਲਕ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਹੁਣ ਸਮੁੰਦਰੀ ਰਸਤਿਆਂ ਰਾਹੀਂ ਵੀ ਨਸਿਆਂ ਦੀ ਤਸਕਰੀ ਹੋ ਰਹੀ ਹੈ। ਨਸਾ ਕਰਨ ਵਾਲਿਆਂ ਦੇ ਘਰ ਵੀ ਤਬਾਹ ਹੋ ਰਹੇ ਹਨ। ਪਿਛਲੇ ਹਫਤੇ ਲੁਧਿਆਣਾ ਵਿੱਚ ਇੱਕ ਨਾਬਾਲਗ ਦੀ ਨਸੇ ਵਾਲੀ ਸਰਿੰਜ ਲਗਾ ਕੇ ਮੌਤ ਹੋਣ ਦੀ ਖਬਰ ਪੜੀ। ਮਾਂ-ਪਿਉ ਮਰ ਮਰ ਕੇ ਜੀਉਂਦੇ ਹਨ। ਨਸੇ ਦੀ ਪੂਰਤੀ ਲਈ ਕਈ ਨਸੇੜੀ ਘਰ ਦਾ ਵੀ ਸਮਾਨ ਵੇਚਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਲਗਾਤਾਰ ਪ੍ਰਵਾਸ ਵੱਧ ਰਿਹਾ ਹੈ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ ਭੇਜ ਰਹੇ ਹਨ। ਮਾਂ ਬਾਪ ਨੂੰ ਡਰ ਹੈ ਕਿ ਜੇ ਉਨ੍ਹਾਂ ਦਾ ਨੌਜਵਾਨ ਇਥੇ ਰਹਿ ਗਿਆ ਪਤਾ ਨਹੀਂ ਉਹ ਚਿੱਟੇ ਦਾ ਆਦੀ ਹੀ ਨਾਂ ਹੋ ਜਾਏ। ਵਿਚਾਰਨ ਵਾਲੀ ਗੱਲ ਹੈ ਕਿ ਚੋਰ ਮੋਰੀਆਂ ਰਾਹੀਂ ਵੱਡੇ ਵੱਡੇ ਤਸਕਰ ਭਾਰਤ ਵਿਚ ਹੈਰੋਇਨ ਪਹੁੰਚਾਉਣ ‘ਚ ਕਾਮਯਾਬ ਹੋ ਗਏ ਹਨ। ਇਸ ਦਾ ਤਾਂ ਸਿੱਧਾ ਮਤਲਬ ਹੀ ਹੈ ਕਿ ਦੇਸ ਵਿੱਚ ਵੱਡੀ ਮਾਤਰਾ ਵਿੱਚ ਲੋਕ ਨਸੇ ਦੇ ਆਦੀ ਹੋ ਚੁੱਕੇ ਹਨ। ਹਰ ਰੋਜ ਪੰਜਾਬ ਵਿੱਚ ਚਿੱਟੇ ਦੀ ਭੇਟ ਕਈ ਨੌਜਵਾਨ ਚੜ੍ਹ ਰਹੇ ਹਨ ਦੋ ਕੁ ਮਹੀਨੇ ਪਹਿਲਾਂ ਵੀ ਗੁਜਰਾਤ ਦੀ ਮੁੰਦਰਾ ਤੇ ਕਾਂਡਲਾ ਬੰਦਰਗਾਹਾਂ ਚਰਚਾ ‘ਚ ਸੀ। ਚੇਤੇ ਕਰਵਾ ਦੇਈਏ ਕਿ 2017 ਵਿੱਚ ਵੱਡੇ ਸਿਆਸਤਦਾਨਾਂ ਨੇ ਸਹੁੰ ਚੁੱਕੀ ਸੀ। ਪਿਛਲੇ ਹੀ ਮਹੀਨੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਨਸਿਆਂ ਤੇ ਨਕੇਲ ਕੱਸਣ ਲਈ ਸੂਬੇ ਵਿੱਚ ਤਲਾਸੀ ਮੁਹਿੰਮ ਚਲਾਈ ਗਈ। ਕੁੱਝ ਕੁ ਨਸਾ ਤਸਕਰਾਂ ਨੂੰ ਫੜਿਆ ਵੀ ਗਿਆ ਤੇ ਸੁਣਨ ਵਿੱਚ ਵੀ ਆਇਆ ਕਿ ਕੁੱਝ ਨਸੇ ਦੇ ਸੌਦਾਗਰ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ। ਅੱਜ ਕੱਲ ਨਸੀਲੇ ਪਦਾਰਥਾਂ ਦੀ ਖਰੀਦ ਵਿਕਰੀ ਲਈ ਸੋਸਲ ਨੈੱਟਵਰਕਿੰਗ ਸਾਈਟ ਦਾ ਧੜੱਲੇ ਨਾਲ ਪ੍ਰਯੋਗ ਹੇ ਰਿਹਾ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਪੁਲਿਸ ਪ੍ਰਸਾਸਨ ਨਸਿਆਂ ਦੇ ਖਿਲਾਫ ਸਖਤ ਕਦਮ ਚੁੱਕਣਗੇ, ਤਾਂ ਆਪਣੇ ਆਪ ਹੀ ਨਸਿਆਂ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਸਰਹੱਦੀ ਮੂਲਕਾਂ ਦੇ ਆਲਾ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਬਣਾ ਕੇ ਨਸਿਆਂ ਦੀ ਸਮਗਲਿੰਗ ਨੂੰ ਰੋਕਿਆ ਜਾ ਸਕਦਾ ਹੈ। ਸਾਡੀ ਸਾਰਿਆਂ ਦੀ ਇਹ ਨੈਤਿਕ ਜਿੰਮੇਵਾਰੀ ਵੀ ਬਣਦੀ ਹੈ। ਦੇਸ ਦਾ ਭਵਿੱਖ ਬਚਾਓਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।

Add new comment