ਨਸ਼ਿਆਂ ਦਾ ਕਹਿਰ

ਹਰ ਰੋਜ਼ ਪੰਜਾਬ ਵਿਚ 3 ਜਾਂ 4 ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ੇ ਕਰ ਰਹੀਆਂ ਹਨ। ਹਾਲ ਹੀ ਵਿਚ ਬਟਾਲਾ ਸ਼ਹਿਰ ਦੀ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਵਿਚ ਇਕ ਕੁੜੀ ਦਾ ਜ਼ਿਕਰ ਸੀ ਜਿਸ ਨੂੰ ਨਸ਼ੇ ਕਾਰਨ ਕੋਈ ਸੁੱਧ-ਬੁੱਧ ਨਹੀਂ ਸੀ। ਸਥਾਨਕ ਲੋਕਾਂ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਥਾਣੇ ਵਿਚ ਇਤਲਾਹ ਦਿੱਤੀ ਜਿਸ ਨੂੰ ਪਲਿਸ ਨੇ ਸਿਵਲ ਹਸਪਤਾਲ ਭੇਜਿਆ। ਕੁਝ ਕੁ ਮਹੀਨੇ ਪਹਿਲਾਂ ਵੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਕੁੜੀ ਚਿੱਟੇ ਦਾ ਸੇਵਨ ਕਰਦੀ ਸੀ। ਬਟਾਲਾ ਵਿਚ ਮਿਲੀ ਨਸ਼ੇੜੀ ਕੁੜੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਨਸ਼ੇੜੀ ਬਣਾਇਆ ਹੈ। ਬਿਮਾਰ ਹੋਣ ਕਾਰਨ ਉਸ ਦੇ ਪਤੀ ਨੇ ਉਸ ਨੂੰ ਦੇਸੀ ਦਵਾਈ ’ਚ ਸਮੈਕ ਮਿਲਾ ਕੇ ਖੁਆਈ। ਤ੍ਰਾਸਦੀ ਇਹ ਵੀ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਹਰ ਰੋਜ਼ ਬੀਐੱਸਐੱਫ ਵੱਲੋਂ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਹੁਣ ਨਸ਼ਿਆਂ ਦੇ ਡਰੋਂ ਮਾਂ-ਬਾਪ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਪਰਦੇਸੀ ਬਣਾ ਰਹੇ ਹਨ। ਹਾਲ ਹੀ ਵਿਚ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ’ਤੇ ਲਾਉਣ ਲਈ ਪੁਲਿਸ ਦੇ ਇਕ ਵੱਡੇ ਅਧਿਕਾਰੀ ਨੂੰ ਬਰਖ਼ਾਸਤ ਵੀ ਕੀਤਾ ਹੈ। ਸੂਬਾ ਸਰਕਾਰ ਵੱਲੋਂ ਹੁਣ ਤਕ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕਰ ਚੁੱਕੀ ਹੈ।

Add new comment