ਕਿਸ਼ਤਵਾੜ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਤੇ ਦੋ ਬੱਚਿਆਂ ਦੀ ਮੌਤ

ਕਿਸ਼ਤਵਾੜ , 11 ਨਵੰਬਰ 2024 : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਾਜ਼ੀਆ ਬੇਗਮ, ਉਸ ਦੀ ਬੇਟੀ ਅਮੀਨਾ ਤੇ ਬੇਟੇ ਰਿਜ਼ਵਾਨ ਵਜੋਂ ਹੋਈ ਹੈ। ਦਰਾਬਸ਼ਾਲਾ ਦੇ ਪਿੰਡ ਬਧਾਤ-ਜਾਸ਼ਰ ਵਿੱਚ ਖੁਰਸ਼ੀਦ ਅਹਿਮਦ ਦੇ ਘਰ ਨੂੰ ਸਵੇਰੇ 4.30 ਵਜੇ ਕਰੀਬ ਅੱਗ ਲੱਗ ਗਈ, ਜਿਸ ਨਾਲ ਉਸ ਦੀ ਪਤਨੀ ਤੇ ਦੋ ਬੱਚੇ ਅੰਦਰ ਫਸ ਗਏ। ਉਹ ਸੁੱਤੇ ਪਏ ਸਨ ਤੇ ਸਮੇਂ ਸਿਰ ਬਚ ਨਹੀਂ ਸਕੇ। ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦੀ ਜਾਂਚ ਜਾਰੀ ਹੈ। ਇਸ ਦੌਰਾਨ ਐਤਵਾਰ ਦੇਰ ਰਾਤ ਕਿਸ਼ਤਵਾੜ ਜ਼ਿਲ੍ਹੇ ਦੇ ਚਤਰੂ ਵਿੱਚ ਗੁੱਜਰ ਬਕਰਵਾਲ ਲੜਕਿਆਂ ਦੇ ਹੋਸਟਲ ਵਿੱਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।