ਚਿੱਕਬੱਲਾਪੁਰ, 26 ਜੂਨ : ਕਰਨਾਟਕ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਲੋਕ ਹੈਰਾਨ ਰਹਿ ਗਏ। ਇੱਥੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ ਹੀ ਦੋਸਤ ਦਾ ਗਲਾ ਵੱਢ ਕੇ ਉਸ ਦਾ ਖ਼ੂਨ ਪੀ ਲਿਆ। ਪੁਲਿਸ ਮੁਤਾਬਕ ਦੋਸ਼ੀ ਵਿਅਕਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਅਤੇ ਦੋਸਤ ਦੇ ਨਾਜਾਇਜ਼ ਸਬੰਧ ਹਨ। ਪੁਲਿਸ ਨੇ ਮਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋਸਤ ਵਾਲ-ਵਾਲ ਬਚ ਗਿਆ ਅਤੇ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਦੋਸਤ ਦਾ ਗਲਾ ਵੱਢਣ ਤੋਂ ਲੈ ਕੇ ਖ਼ੂਨ ਪੀਣ ਤੱਕ ਦੀ ਇਸ ਖੌਫ਼ਨਾਕ ਘਟਨਾ ਨੂੰ ਗਵਾਹ ਨੇ ਕੈਮਰੇ 'ਚ ਕੈਦ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਪੂਰੀ ਘਟਨਾ ਕਰਨਾਟਕ ਦੇ ਚਿੱਕਬੱਲਾਪੁਰ ਦੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਜੇ ਨੂੰ ਸ਼ੱਕ ਸੀ ਕਿ ਉਸ ਦੇ ਦੋਸਤ ਮਰੇਸ਼ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਵਿਜੇ ਨੇ ਆਪਣੇ ਦੋਸਤ ਮਰੇਸ਼ ਨੂੰ ਮਿਲਣ ਲਈ ਬੁਲਾਇਆ। ਜਦੋਂ ਮਰੇਸ਼ ਵਿਜੇ ਕੋਲ ਪਹੁੰਚਿਆ ਤਾਂ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਵਿਜੇ ਕਾਫੀ ਗੁੱਸੇ 'ਚ ਆ ਗਿਆ ਅਤੇ ਕਥਿਤ ਤੌਰ 'ਤੇ ਮਰੇਸ਼ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਗਵਾਹ ਨੇ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਨਾਲ ਕੈਮਰੇ ਵਿੱਚ ਕੈਦ ਕਰ ਲਿਆ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜ਼ਖ਼ਮੀ ਮਰੇਸ਼ ਜ਼ਮੀਨ 'ਤੇ ਪਿਆ ਹੈ ਅਤੇ ਵਿਜੇ ਨੇ ਝੁਕ ਕੇ ਮਰੇਸ਼ ਦੇ ਗਲੇ 'ਚੋਂ ਵਹਿ ਰਿਹਾ ਖ਼ੂਨ ਪੀ ਲਿਆ। ਉਹ ਜ਼ਖ਼ਮੀ ਵਿਅਕਤੀ ਨੂੰ ਮੁੱਕਾ ਅਤੇ ਥੱਪੜ ਮਾਰਦਾ ਵੀ ਨਜ਼ਰ ਆ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਖ਼ਿਲਾਫ਼ ਕੇਂਚਰਲਾਹੱਲੀ ਪੁਲਿਸ ਸਟੇਸ਼ਨ 'ਚ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਮਰੇਸ਼ ਦਾ ਇਲਾਜ ਚੱਲ ਰਿਹਾ ਹੈ।